ਬੌਲੀਵੁਡ ‘ਚ ਪਹਿਲਾਂ ਵੀ ਇਹ ਲੰਬੀ ਬਹਿਸ ਛਿੜ ਚੁੱਕੀ ਹੈ ਕਿ ਉੱਥੇ ਪਰਿਵਾਰਵਾਦ ਦਾ ਬੋਲਬਾਲਾ ਹੈ। ਇੰਨਾ ਹੀ ਨਹੀਂ, ਬੌਲੀਵੁਡ ਨਵੇਂ ਕਲਾਕਾਰਾਂ ਦੀ ਐਂਟਰੀ ਨੂੰ ਜ਼ਿਆਦਾ ਪਸੰਦ ਨਹੀਂ ਕਰਦੀ। ਹੁਣ ਤਕ ਇਸ ਮੁੱਦੇ ‘ਤੇ ਕਈ ਦਿੱਗਜ ਕਲਾਕਾਰ ਆਪਣੇ ਵਿਚਾਰ ਸਾਂਝੇ ਕਰ ਚੁੱਕੇ ਹਨ। ਪੰਜਾਬੀ ਇੰਡਸਟਰੀ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਵੀ ਬੌਲੀਵੁਡ ‘ਚ ਆਪਣੇ ਤਜਰਬੇ ਬਾਰੇ ਗੱਲਬਾਤ ਕਰ ਚੁੱਕੇ ਹਨ। ਆਪਣੇ ਇੱਕ ਇੰਟਰਵਿਊ ‘ਚ ਗਿੱਪੀ ਗਰੇਵਾਲ ਨੇ ਦੱਸਿਆ ਸੀ ਕਿ ਉਨ੍ਹਾਂ ਦਾ ਬੌਲੀਵੁਡ ‘ਚ ਤਜਰਬਾ ਕੋਈ ਬਹੁਤਾ ਵਧੀਆ ਨਹੀਂ ਰਿਹਾ। ਬੌਲੀਵੁਡ ‘ਚ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਟੈਲੈਂਟ ਨੂੰ ਉਸ ਤਰ੍ਹਾਂ ਦੀ ਇੱਜ਼ਤ ਅਤੇ ਕਦਰ ਨਹੀਂ ਮਿਲੀ ਜਿਸ ਦੇ ਉਹ ਹੱਕਦਾਰ ਸਨ।
ਬੌਲੀਵੁਡ ਦਾ ਕੱਚਾ ਚਿੱਠਾ
ਗਿੱਪੀ ਗਰੇਵਾਲ ਨੇ ਕਈ ਵਾਰ ਇਸ ਗੱਲ ‘ਤੇ ਇਤਰਾਜ਼ ਜਤਾਇਆ ਹੈ। ਉਸ ਨੇ ਆਪਣੇ ਇੱਕ ਇੰਟਰਵਿਊ ‘ਚ ਕਿਹਾ ਸੀ ਕਿ ਸਾਲ 2012 ‘ਚ ਆਈ ਫ਼ਿਲਮ ਕੌਕਟੇਲ’ ‘ਚ ਉ ਦਾ ਗੀਤ ਸੀ, ਜਿਸ ਦਾ ਨਾਂ ਅੰਗਰੇਜ਼ੀ ਬੀਟ ਸੀ। ਇਹ ਗੀਤ ਗਿੱਪੀ ਗਰੇਵਾਲ ਅਤੇ ਹਨੀ ਸਿੰਘ ਦੀ ਅਵਾਜ਼ ‘ਚ ਰਿਕਾਰਡ ਕੀਤਾ ਗਿਆ ਸੀ। ਫ਼ਿਲਮ ‘ਚ ਸਭ ਤੋਂ ਜ਼ਿਆਦਾ ਹਿੱਟ ਇਹੀ ਗੀਤ ਰਿਹਾ ਸੀ। ਗਿੱਪੀ ਗਰੇਵਾਲ ਨੇ ਅੱਗੇ ਦੱਸਿਆ ਕਿ ਬੌਲੀਵੁਡ ਅਦਾਕਾਰਾ ਦੀਪਿਕਾ ਪਾਦੂਕੋਣ ਇਸੇ ਗੀਤ ‘ਤੇ ਦੁਨੀਆਂ ਭਰ ਦੇ ਸ਼ੋਅਜ਼ ‘ਚ ਡਾਂਸ ਕਰਕੇ ਆਈ, ਪਰ ਕਿਸੇ ਨੇ ਇੱਕ ਵਾਰ ਵੀ ਇਹ ਨਹੀਂ ਦੱਸਿਆ ਕਿ ਗੀਤ ਗਾਇਆ ਕਿਸ ਕਲਾਕਾਰ ਨੇ ਹੈ। ਬੌਲੀਵੁਡ ਬਾਹਰਲੇ ਕਲਾਕਾਰਾਂ ਨੂੰ ਕਰੈਡਿਟ ਦੇਣਾ ਜ਼ਿਆਦਾ ਪਸੰਦ ਨਹੀਂ ਕਰਦਾ।
ਕਰਨ ਜੌਹਰ ਨਾਲ ਵੀ ਜਤਾ ਚੁੱਕੈ ਨਾਰਾਜ਼ਗੀ
ਗਿੱਪੀ ਗਰੇਵਾਲ ਨੇ ਹਾਲ ਹੀ ‘ਚ ਇੱਕ ਇੰਟਰਵਿਊ ‘ਚ ਕਿਹਾ ਸੀ ਕਿ ਬੌਲੀਵੁਡ ‘ਚ ਉਸ ਦੇ ਤਜਰਬੇ ਖ਼ਰਾਬ ਰਹੇ ਹਨ। ਇਸੇ ਸਾਲ ਆਈ ਇੱਕ ਫ਼ਿਲਮ ਜੁਗ ਜੁਗ ਜੀਓ ‘ਚ ਉਸ ਦਾ ਗੀਤ ਨੱਚ ਪੰਜਾਬਣ ਸੀ। ਉਸ ਨੂੰ ਮਿਊਜ਼ਿਕ ਡਾਇਰੈਕਟਰ ਤਨਿਸ਼ਕ ਬਾਗਚੀ ਨੇ ਕਾਲ ਕਰ ਗੀਤ ਗਾਉਣ ਦੀ ਰਿਕੁਐੱਸਟ ਕੀਤੀ ਜਿਸ ‘ਤੇ ਹਾਮੀ ਭਰਦਿਆਂ ਗਿੱਪੀ ਨੇ ਉਨ੍ਹਾਂ ਨੂੰ ਆਪਣੀ ਅਵਾਜ਼ ‘ਚ ਗੀਤ ਰਿਕਾਰਡ ਕਰ ਕੇ ਭੇਜਿਆ।
ਤਿੰਨ ਮਹੀਨਿਆਂ ਬਾਅਦ ਫ਼ਿਲਮ ਦਾ ਪੋਸਟਰ ਜਾਰੀ ਕੀਤਾ ਗਿਆ ਤਾਂ ਗਿੱਪੀ ਗਰੇਵਾਲ ਨੇ ਮਿਊਜ਼ਿਕ ਡਾਇਰੈਕਟਰ ਤਨਿਸ਼ਕ ਨੂੰ ਪੁੱਛਿਆ ਕਿ ਉਸ ਦੇ ਗੀਤ ਦਾ ਕੀ ਬਣਿਆ? ਅੱਗੋਂ ਗਿੱਪੀ ਨੂੰ ਜਵਾਬ ਮਿਲਿਆ ਕਿ ਉਸ ਦਾ ਗੀਤ ਫ਼ਿਲਮ ‘ਚ ਇਸਤੇਮਾਲ ਨਹੀਂ ਕੀਤਾ ਜਾਵੇਗਾ। ਇਹ ਧਰਮਾ ਪ੍ਰੋਡਕਸ਼ਨਜ਼ (ਕਰਨ ਜੌਹਰ ਦੀ ਕੰਪਨੀ) ਦਾ ਹੁਕਮ ਹੈ।
ਗਿੱਪੀ ਗਰੇਵਾਲ ਨੇ ਕਿਹਾ ਚੱਲੋ ਕੋਈ ਗੱਲ ਨੀ। ਗਿੱਪੀ ਗਰੇਵਾਲ ਨੇ ਅੱਗੇ ਦੱਸਿਆ ਕਿ ਜਦੋਂ ਫ਼ਿਲਮ ਦਾ ਟਰੇਲਰ ਰਿਲੀਜ਼ ਹੋਇਆ ਤਾਂ ਉਹ ਹੈਰਾਨ ਰਹਿ ਗਏ ਕਿਉਂਕਿ ਫ਼ਿਲਮ ਦੇ ਪੂਰੇ ਟਰੇਲਰ ‘ਚ ਉਸ ਦਾ ਗਾਣਾ ਹੀ ਸੁਣਾਈ ਦਿੰਦਾ ਰਿਹਾ। ਗਿੱਪੀ ਗਰੇਵਾਲ ਨੇ ਮੁੜ ਮਿਊਜ਼ਿਕ ਡਾਇਰੈਕਟਰ ਨੂੰ ਫ਼ੋਨ ਕੀਤਾ ਤਾਂ ਜਵਾਬ ਮਿਲਿਆ ਕਿ ਉਨ੍ਹਾਂ ਨੂੰ (ਮਿਊਜ਼ਿਕ ਡਾਇਰੈਕਟਰ) ਖ਼ੁਦ ਨਹੀਂ ਪਤਾ ਸੀ ਕਿ ਗਿੱਪੀ ਦਾ ਗੀਤ ਫ਼ਿਲਮ ‘ਚ ਹੈ। ਇਸ ‘ਤੇ ਗਿੱਪੀ ਗਰੇਵਾਲ ਨੇ ਕਾਫ਼ੀ ਨਾਰਾਜ਼ਗੀ ਜਤਾਈ। ਉਸ ਨੇ ਪੁੱਛਿਆ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਮਿਊਜ਼ਿਕ ਡਾਇਰੈਕਟਰ ਨੂੰ ਪਤਾ ਨਾ ਹੋਵੇ ਕਿ ਇੱਕ ਗਾਇਕ ਦਾ ਕੋਈ ਗੀਤ ਫ਼ਿਲਮ ‘ਚ ਹੈ ਕਿ ਨਹੀਂ।
ਨਹੀਂ ਲਈ ਸੀ ਗੀਤ ਗਾਉਣ ਦੀ ਫ਼ੀਸ
ਗਿੱਪੀ ਗਰੇਵਾਲ ਨੇ ਆਪਣੇ ਇੰਟਰਵਿਊ ਦੌਰਾਨ ਇਹ ਵੀ ਖ਼ੁਲਾਸਾ ਕੀਤਾ ਸੀ ਕਿ ਉਸ ਨੂੰ ਮਿਊਜ਼ਿਕ ਡਾਇਰੈਕਟਰ ਨੇ ਕਿਹਾ ਸੀ ਕਿ ਉਸ ਦਾ ਗੀਤ ਫ਼ਿਲਮ ‘ਚ ਹੈ, ਅਤੇ ਉਹ ਆ ਕੇ ਆਪਣਾ ਚੈੱਕ ਲੈ ਜਾਵੇ। ਇਸ ਤੇ ਗਿੱਪੀ ਗਰੇਵਾਲ ਨੇ ਕਿਹਾ ਕਿ ਉਹ ਪੈਸਿਆਂ ਲਈ ਨਹੀਂ ਗਾਉਂਦਾ। ਉਹ ਚੈੱਕ ਗਿੱਪੀ ਗਰੇਵਾਲ ਨੇ ਅੱਜ ਤਕ ਵੀ ਨਹੀਂ ਲਿਆ।