ਚੁਟਕਲਿਆਂ ਅਤੇ ਹਾਸਰਸ ਭਰਪੂਰ ਦਾ ਕਪਿਲ ਸ਼ਰਮਾ ਸ਼ੋਅ ਦੇ ਨਵੇਂ ਸੀਜ਼ਨ ਦੀ ਸ਼ੁਰੂਆਤ ਹੋਣ ਵਾਲੀ ਹੈ। ਮੇਜ਼ਬਾਨ ਕਪਿਲ ਸ਼ਰਮਾ ਨੇ ਆਖਿਆ ਕਿ ਸ਼ੋਅ ਦੇ ਇਸ ਸੀਜ਼ਨ ‘ਚ ਕੁੱਝ ਨਵੇਂ ਅਤੇ ਪੁਰਾਣੇ ਚਿਹਰੇ ਦਰਸ਼ਕਾਂ ਦਾ ਖ਼ੂਬ ਮਨੋਰੰਜਨ ਕਰਨਗੇ। ਇਹ ਆਪਣੀ ਪੇਸ਼ਕਾਰੀ ਨਾਲ ਹਰ ਕਿਸੇ ਦੇ ਢਿੱਡੀ ਪੀੜਾਂ ਪਾਉਣਗੇ। ਕਪਿਲ ਨੇ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਦਰਸ਼ਕਾਂ ਦੇ ਸਿਰ ਬੰਨ੍ਹਿਆ ਹੈ। ਉਸ ਨੇ ਕਿਹਾ, ”ਮੈਂ ਆਪਣੇ ਕੌਮੇਡੀ ਦੇ ਸਫ਼ਰ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਜੋ ਵੀ ਹਾਂ ਆਪਣੇ ਦਰਸ਼ਕਾਂ ਦੀ ਬਦੌਲਤ ਹਾਂ ਜਿਨ੍ਹਾਂ ਨੇ ਸੰਘਰਸ਼ੀ ਸਾਲਾਂ ਦੌਰਾਨ ਵੀ ਮੈਨੂੰ ਲਗਾਤਾਰ ਸਹਿਯੋਗ ਦਿੱਤਾ। ਮੈਂ ਹਮੇਸ਼ਾਂ ਆਪਣੇ ਦਰਸ਼ਕਾਂ ਨੂੰ ਹਸਾ ਕੇ ਉਨ੍ਹਾਂ ਦਾ ਮਨੋਰੰਜਨ ਕੀਤਾ ਹੈ ਅਤੇ ਨਵੇਂ ਸੀਜ਼ਨ ਵਿੱਚ ਅਸੀਂ ਦਰਸ਼ਕਾਂ ਦਾ ਖੂਬ ਮਨੋਰੰਜਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਾਂ।”ਜ਼ਿਕਰਯੋਗ ਹੈ ਕਿ ਦਾ ਕਪਿਲ ਸ਼ਰਮਾ ਸ਼ੋਅ ਦੀ ਸ਼ੁਰੂਆਤ 23 ਅਪਰੈਲ 2016 ਨੂੰ ਹੋਈ ਸੀ ਤੇ ਹੁਣ ਤਕ ਇਸ ਸ਼ੋਅ ਦੇ ਤਿੰਨ ਸੀਜ਼ਨ ਆ ਚੁੱਕੇ ਹਨ। ਇਸ ਸ਼ੋਅ ਦਾ ਤੀਜਾ ਸੀਜ਼ਨ ਇਸੇ ਸਾਲੇ 5 ਜੂਨ ਸਮਾਪਤ ਹੋਇਆ ਸੀ। ਇਸ ਸ਼ੋਅ ‘ਚ ਕਪਿਲ ਸ਼ਰਮਾ ਦੇ ਨਾਲ ਕਿਕੂ ਸ਼ਾਰਦਾ, ਸੁਨੀਲ ਗਰੋਵਰ, ਸੁਮੋਨਾ ਚੱਕਰਵਰਤੀ, ਚੰਦਨ ਪ੍ਰਭਾਕਰ ਅਤੇ ਅਲੀ ਅਸਗਰ ਸ਼ਾਮਲ ਸਨ। ਨਵੇਂ ਸੀਜ਼ਨ ‘ਚ ਸ੍ਰਿਸ਼ਟੀ ਰੋਡੇ, ਗੌਰਵ ਦੂਬੇ, ਸ਼੍ਰੀਕਾਂਤ ਮਸਕੀ ਅਤੇ ਸਿਧਾਰਥ ਸਾਗਰ ਨਜ਼ਰ ਆਉਣਗੇ ਜਦੋਂ ਕਿ ਕਈ ਪੁਰਾਣੇ ਚਿਹਰੇ ਕਪਿਲ ਦਾ ਸਾਥ ਛੱਡ ਵੀ ਦੇਣਗੇ। ਦਾ ਕਪਿਲ ਸ਼ਰਮਾ ਸ਼ੋਅ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ‘ਤੇ ਪ੍ਰਸਾਰਿਤ ਹੋਵੇਗਾ।