ਹਾਲ ਹੀ ‘ਚ ਇੱਕ ਮਹਿਲਾ ਦਾ ਨਾਮ ਖ਼ਬਰਾਂ ‘ਚ ਇਸ ਲਈ ਛਾਇਆ ਰਿਹਾ ਕਿਉਂਕਿ ਉਸ ਦੀ ਯਾਦਾਸ਼ਤ ਬਹੁਤ ਤੇਜ਼ ਸੀ। ਉਸ ਨੂੰ ਹਰ ਸ਼ੈਅ, ਹਰ ਘਟਨਾ ਜਿਓਂ ਦੀ ਤਿਓਂ ਚੇਤੇ ਰਹਿ ਜਾਂਦੀ ਸੀ। ਉਹ ਆਪਣੇ ਜੀਵਨ ਦੇ ਪਿੱਛਲੇ ਤਿੰਨ ਦਹਾਕਿਆਂ ਦੇ ਹਰ ਇੱਕ ਪਲ ਬਾਰੇ ਫ਼ੌਰਨ ਸਭ ਕੁਝ ਦੱਸ ਸਕਦੀ ਸੀ। ਅਖ਼ਬਾਰਾਂ ਅਨੁਸਾਰ, ਉਹ ਔਰਤ ਇੱਕ ਦੁਰਲੱਭ ਬੀਮਾਰੀ ਤੋਂ ਪੀੜਤ ਸੀ। ਜਦੋਂ ਮੈਂ ਉਹ ਖ਼ਬਰ ਪੜ੍ਹੀ, ਮੈਂ ਥੋੜ੍ਹਾ ਹੈਰਾਨ ਹੋਇਆ … ਪੀੜਤ, ਮੈਂ ਸੋਚ ਕੇ ਮੁਸਕੁਰਾਇਆ? ਕੀ ਇਹ ਉਸ ਲਫ਼ਜ਼ ਦਾ ਵਾਕਈ ਸਹੀ ਪ੍ਰਯੋਗ ਸੀ? ਸ਼ਾਇਦ ਹੋਵੇ। ਅਜਿਹੀ ਕਾਬਲੀਅਤ ਇੱਕ ਤਰ੍ਹਾਂ ਨਾਲ ਇੱਕ ਦੋ-ਧਾਰੀ ਤਲਵਾਰ ਹੋ ਸਕਦੀ ਹੈ। ਉਸ ਲਈ ਸ਼ੁਕਰਗ਼ੁਜ਼ਾਰ ਹੋਵੋ ਜੋ ਤੁਸੀਂ ਇਸ ਵਕਤ ਚੇਤੇ ਨਹੀਂ ਕਰ ਸਕਦੇ। ਭਵਿੱਖ ਦੀ ਭਾਵਨਾਮਤਕ ਸਥਿਤਰਤਾ ਲਈ, ਹੋਰ ਵੀ ਜ਼ਿਆਦਾ ਭੁੱਲਣਾ ਤੁਹਾਡੀ ਲਈ ਲਾਭਦਾਇਕ ਸਾਬਿਤ ਹੋ ਸਕਦੈ!
ਜਿਸ ਨੂੰ ਅੰਗ੍ਰੇਜ਼ੀ ਵਾਲੇ ਕੌਟਨ ਕੈਂਡੀ ਜਾਂ ਕੈਂਡੀ ਫ਼ਲੌਸ ਅਤੇ ਪੰਜਾਬੀ ਵਾਲੇ ਮਾਈ ਬੁੱਢੀ ਦਾ ਝਾਟਾ ਕਹਿੰਦੇ ਨੇ, ਕੀ ਤੁਸੀਂ ਉਸ ਨੂੰ ਕਦੇ ਚਖ ਕੇ ਦੇਖਿਐ? ਜੋ ਮੈਂ ਇੱਥੇ ਕਹਿਣੈ, ਉਹ ਉਸ ਦੀ ਇੱਕ ਬਹੁਤ ਵਧੀਆ ਉਦਾਹਰਣ ਹੈ। ਜਦੋਂ ਤੁਸੀਂ ਉਸ ਨੂੰ ਪਹਿਲੀ ਵਾਰ ਚੱਕ ਮਾਰਦੇ ਹੋ, ਮੂੰਹ ਬਹੁਤ ਭਰਿਆ ਹੋਇਆ ਜਾਪਦੈ, ਪਰ ਜਦੋਂ ਤੁਸੀਂ ਆਪਣੇ ਦੰਦ ਉਸ ‘ਚ ਚੰਗੀ ਤਰ੍ਹਾਂ ਖੁਭਾ ਲੈਂਦੇ ਹੋ, ਮੂੰਹ ਵਿੱਚ ਕੁਝ ਵੀ ਠੋਸ ਪਿਆ ਮਹਿਸੂਸ ਨਹੀਂ ਹੁੰਦਾ। ਬਸ ਇੱਕ ਹਲਕੀ ਜਿਹੀ ਖ਼ੁਸਬੂ ਦਾ ਜ਼ਾਇਕਾ ਮਾਤਰ ਆਉਂਦੈ। ਹਾਂ, ਧੋਖਾ ਹੋ ਜਾਣ ਦਾ ਅਹਿਸਾਸ ਜ਼ਰੂਰ ਹੁੰਦੈ, ਉਸ ਨੂੰ ਚੱਕ ਮਾਰਨ ਤੋਂ ਬਾਅਦ। ਮੁਸ਼ਕਿਲਾਂ ਵੀ ਕੁਝ ਇਸੇ ਤਰ੍ਹਾਂ ਦੀਆਂ ਹੁੰਦੀਆਂ ਨੇ। ਉਹ ਜਿੰਨੀਆਂ ਹੁੰਦੀਆਂ ਹਨ, ਉਸ ਤੋਂ ਕਿਤੇ ਵਿਸ਼ਾਲ ਜਾਪਦੀਆਂ ਨੇ। ਚਿੰਤਾ ਦੀ ਤੀਬਰਤਾ ‘ਚ ਉਹ ਓਦੋਂ ਤਕ ਭੁੱਜ ਕੇ ਤਿਆਰ ਹੁੰਦੀਆਂ ਰਹਿੰਦੀਆਂ ਹਨ ਜਦੋਂ ਤਕ ਉਹ ਤੁਹਾਡੇ ਦਿਮਾਗ਼ ‘ਚ ਉਪਲਬਧ ਸਾਰੀ ਜਗ੍ਹਾ ਮੱਲ ਨਾ ਲੈਣ।
ਕੁਝ ਲੋਕ, ਮੇਰੀ ਜਾਚੇ ਬੇਵਜਾਹ, ਇਸ ਧਰਤੀ ‘ਤੇ ਆਬਾਦੀ ਦੇ ਬਹੁਤ ਜ਼ਿਆਦਾ ਵੱਧ ਜਾਣ ਦੀ ਚਿੰਤਾ ਕਰਦੇ ਰਹਿੰਦੇ ਨੇ। ਕਲਪਨਾ ਕਰੋ ਕਿ ਸਾਰੇ ਬੁੱਢੇ ਹਰ ਰੋਜ਼ ਨਵੇਂ ਜੰਮਣ ਵਾਲਿਆਂ ਦਾ ਵਿਰੋਧ ਕਰਨਾ ਸ਼ੁਰੂ ਕਰ ਦੇਣ ਤਾਂ ਕੀ ਹੋਵੇਗਾ। ਉਨ੍ਹਾਂ ਦੇ ਰੋਸ ਵੱਲ ਕੌਣ ਤਵੱਜੋ ਦੇਵੇਗਾ? ਉਨ੍ਹਾਂ ਦੇ ਕੁਰਲਾਉਣ ਦਾ ਕੀ ਫ਼ਾਇਦਾ ਹੋਵੇਗਾ? ਜਿਸ ਤਰ੍ਹਾਂ ਸਾਡਾ ਗ੍ਰਹਿ ਇੰਨਾ ਕੁ ਵੱਡਾ ਹੈ ਕਿ ਉਹ ਉਨ੍ਹਾਂ ਸਾਰੇ ਲੋਕਾਂ ਅਤੇ ਜਾਨਵਰਾਂ ਦਾ ਪਾਲਣ ਪੋਸ਼ਣ ਕਰ ਸਕਦੈ ਜਿਹੜੇ ਇੱਥੇ ਰਹਿਣਾ ਪਸੰਦ ਕਰਨ, ਉਸੇ ਤਰ੍ਹਾਂ ਤੁਹਾਡੇ ਦਿਲ ‘ਚ ਉਨ੍ਹਾਂ ਸਾਰੇ ਲੋਕਾਂ ਲਈ ਬਥੇਰਾ ਪ੍ਰੇਮ, ਧੀਰਜ ਅਤੇ ਵਕਤ ਮੌਜੂਦ ਹੈ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ ਅਤੇ ਜਿਨ੍ਹਾਂ ਦੀ ਮਦਦ ਕਰਨਾ ਚਾਹੁੰਦੇ ਹੋ। ਆਹ ਰਿਹਾ ਜੇ ਇੱਕ ਮੌਕਾ ਆਪਣੇ ਦਿਲ ‘ਤੇ ਭਰੋਸਾ ਦਿਖਾਉਣ ਦਾ, ਅਤੇ ਖ਼ੁਦ ਨੂੰ ਮੁਆਫ਼, ਕਬੂਲ ਅਤੇ ਨਿਵਾਰਣ ਕਰਨ ਵਾਲੀ ਇੱਕ ਸ਼ਕਤੀ ਦੇ ਰੂਪ ‘ਚ ਉਭਰਣ ਦੇਣ ਦਾ।
ਕੁਝ ਚੀਜ਼ਾਂ ਹਮੇਸ਼ਾ ਖਿਝਾਉਂਦੀਆਂ ਨੇ। ਸਿਆਸਤਦਾਨ, ਉਦਾਹਰਣ ਦੇ ਤੌਰ ‘ਤੇ। ਜਾਂ ਕੰਪਿਊਟਰ। ਉਹ ਅਕਸਰ ਹੀ ਕੁਝ ਅਜਿਹਾ ਕਰ ਜਾਂਦੇ ਹਨ ਜੋ ਅਸੀਂ ਹਮੇਸ਼ਾ ਚਾਹੁੰਦੇ ਹਾਂ ਕਿ ਉਨ੍ਹਾਂ ਨੇ ਨਾ ਕੀਤਾ ਹੁੰਦਾ। ਲੋਕ ਵੀ ਬੜੇ ਇਮਤਿਹਾਨ ਲੈਂਦੇ ਨੇ, ਖ਼ਾਸਕਰ ਜਦੋਂ ਸਾਡਾ ਉਨ੍ਹਾਂ ਨਾਲ ਰਿਸ਼ਤਾ ਹੁੰਦੈ। ਅਸੀਂ ਉਨ੍ਹਾਂ ਬਿਨਾਂ ਨਹੀਂ ਰਹਿ ਸਕਦੇ, ਪਰ ਫ਼ਿਰ ਉਨ੍ਹਾਂ ਨਾਲ ਰਹਿਣਾ ਵੀ ਸਾਨੂੰ ਬਹੁਤ ਮੁਸ਼ਕਿਲ ਲੱਗਦੈ। ਕੀ ਤੁਸੀਂ ਮੇਰੇ ਅਗਲੇ ਵਾਕ ਤੋਂ ਇਸ ਕਾਰਨ ਡਰ ਰਹੇ ਹੋ ਕਿਉਂਕਿ ਤੁਹਾਨੂੰ ਖ਼ਦਸ਼ਾ ਹੈ ਕਿ ਉਸ ਵਿੱਚੋਂ ਕੋਈ ਅਜਿਹਾ ਸੁਝਾਅ ਨਿਕਲਣ ਵਾਲੈ ਜਿਹੜਾ ਤੁਸੀਂ ਸੁਣਨਾ ਨਹੀਂ ਚਾਹੁੰਦੇ? ਤਸੱਲੀ ਰੱਖੋ। ਤੁਹਾਡੀ ਭਾਵਨਾਤਮਕ ਜ਼ਿੰਦਗੀ ‘ਚ ਅੱਗੋਂ ਆਉਣ ਵਾਲੈ ਇਹ ਅਹਿਸਾਸ ਕਿ ਪਰੇਸ਼ਾਨੀ ਦੇ ਸ੍ਰੋਤ ਨੂੰ ਹੋਰ ਬਿਹਤਰ ਸਮਝਿਆ ਜਾ ਸਕਦੈ … ਅਤੇ ਨਤੀਜਤਨ ਉਸ ਦੇ ਪ੍ਰਭਾਵ ਨੂੰ ਘਟਾਇਆ ਵੀ।
ਸੌਖੀ ਜ਼ਿੰਦਗੀ ਭਾਲਦੇ ਹੋ? ਮਖੌਲ ਕਰ ਰਹੇ ਹੋ? ਇਹ ਇੱਕ ਅਜਿਹੀ ਗੱਲ ਹੈ ਜਿਹੜੀ ਬੰਦਾ ਓਦੋਂ ਕਰਦੈ ਜਦੋਂ ਉਹ ਥੱਕਿਆ ਹੋਇਆ ਹੋਵੋ। ਤੁਸੀਂ ਇਹ ਗੱਲ ਓਨੀ ਕੁ ਹੀ ਕਹਿਣੀ ਚਾਹੁੰਦੇ ਹੋ ਜਿੰਨਾ ਤੁਸੀਂ ਗੁੱਸੇ ‘ਚ ਕਹੀਆਂ ਹੋਈਆਂ ਆਪਣੀਆਂ ਤੱਤੀਆਂ ਗੱਲਾਂ ਕਹਿਣਾ ਚਾਹੁੰਦੇ ਹੁੰਦੇ ਹੋ ਪਰ ਫ਼ਿਰ ਵੀ ਕਹਿ ਦਿੰਦੇ ਹੋ। ਕੀ ਤੁਸੀਂ ਚਾਹੋਗੇ ਕਿ ਚਾਹਤਾਂ ਪੂਰੀਆਂ ਕਰਨ ਵਾਲਾ ਕੋਈ ਦੇਵਤਾ ਤੁਹਾਡੇ ਇਸ ਬੇਤਾਬ ਰੌਲੇ ਨੂੰ ਸੁਣ ਕੇ ਤੁਹਾਡੀ ਇੱਛਾ ਪੂਰੀ ਕਰ ਦੇਵੇ? ਕੁਝ ਸੁਪਨੇ ਕੇਵਲ ਸੁਪਨਿਆਂ ਦੇ ਤੌਰ ‘ਤੇ ਹੀ ਵਧੇਰੇ ਸੰਤੁਸ਼ਟੀ ਦਿੰਦੇ ਨੇ। ਜੇਕਰ ਉਨ੍ਹਾਂ ਨੇ ਸੱਚਮੁੱਚ ਹਕੀਕਤ ਦਾ ਜਾਮਾ ਪਹਿਨ ਲਿਆ ਹੁੰਦਾ ਤਾਂ ਤੁਹਾਡੀ ਉਸ ਚੁਣੌਤੀ ਦਾ ਕੀ ਬਣਦਾ ਜਿਸ ਦੇ ਸਹਾਰੇ ਤੁਸੀਂ ਵੱਧ-ਫ਼ੁੱਲ ਰਹੇ ਹੋ? ਜੀਵਨ ਤੁਹਾਡੇ ਲਈ ਸਮੁੱਚੇ ਰੂਪ ‘ਚ ਹਰ ਪੱਖੋਂ ਸੌਖਾ ਤਾਂ ਨਹੀਂ ਹੋਣ ਵਾਲਾ, ਪਰ ਜਲਦ ਹੀ ਇਹ ਬਹੁਤ ਫ਼ਲਦਾਇਕ ਬਣ ਜਾਵੇਗਾ।