ਅਜੇ ਦੇਵਗਨ ਦੀ ਥੈਂਕ ਗੌਡ ਦਾ ਵੀ ਬਾਈਕਾਟ ਸ਼ੁਰੂ

ਪਿਛਲੇ ਕਈ ਮਹੀਨਿਆਂ ਤੋਂ ਜਿੰਨੀਆਂ ਵੀ ਬੌਲੀਵੁਡ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ, ਜ਼ਿਆਦਾਤਰ ਨੂੰ ਸੋਸ਼ਲ ਮੀਡੀਆ ‘ਤੇ ਬਾਈਕਾਟ ਕੀਤਾ ਜਾ ਰਿਹਾ ਹੈ। ਇਸ ਟਰੈਂਡ ਕਾਰਨ ਆਮਿਰ ਖ਼ਾਨ ਦੀ ਫ਼ਿਲਮ ਲਾਲ ਸਿੰਘ ਚੱਢਾ ਤੋਂ ਲੈ ਕੇ ਅਕਸ਼ੇ ਕੁਮਾਰ ਦੀ ਰਕਸ਼ਾ ਬੰਧਨ ਤਕ ਨੂੰ ਨੁਕਸਾਨ ਪਹੁੰਚਿਆ। ਪਿਛਲੇ ਕਈ ਦਿਨਾਂ ਤੋਂ ਟਰੋਲ ਆਰਮੀ ਰਣਬੀਰ ਕਪੂਰ ਅਤੇ ਆਲੀਆ ਭੱਟ ਦੀ ਫ਼ਿਲਮ ਬ੍ਰਹਮਾਸਤਰ ਦੇ ਪਿੱਛੇ ਪਈ ਹੋਈ ਸੀ।
ਮਜ਼ੇਦਾਰ ਗੱਲ ਇਹ ਹੈ ਕਿ ਬਾਈਕਾਟ ਬ੍ਰਹਮਾਸਤਰ ਫ਼ੇਲ੍ਹ ਹੋ ਗਿਆ ਹੈ। ਹਾਲਾਂਕਿ ਅਜੇ ਵੀ ਟਰੋਲ ਆਰਮੀ ਨੂੰ ਚੈਨ ਨਹੀਂ ਮਿਲ ਰਿਹਾ। ਹੁਣ ਉਸ ਨੇ ਅਜੇ ਦੇਵਗਨ ਅਤੇ ਉਸ ਦੀ ਆਗਾਮੀ ਫ਼ਿਲਮ ਥੈਂਕ ਗੌਡ ਨੂੰ ਨਿਸ਼ਾਨੇ ‘ਤੇ ਲਿਆ ਹੈ।
ਅਜੇ ਦੇਵਗਨ ਦੀ ਫ਼ਿਲਮ ‘ਥੈਂਕ ਗੌਡ’ ਦੀਵਾਲੀ ਮੌਕੇ ਰਿਲੀਜ਼ ਲਈ ਤਿਆਰ ਹੈ। ਇਹ 25 ਅਕਤੂਬਰ, 2022 ਨੂੰ ਸਿਨੇਮਾਘਰਾਂ ‘ਤੇ ਦਸਤਕ ਦੇਵੇਗੀ। ਇਸ ‘ਚ ਅਜੇ ਤੋਂ ਇਲਾਵਾ ਸਿਧਾਰਥ ਮਲਹੋਤਰਾ ਅਤੇ ਰਕੁਲ ਪ੍ਰੀਤ ਸਿੰਘ ਵੀ ਲੀਡ ਰੋਲ ‘ਚ ਹਨ। ਫ਼ਿਲਮ ਨੂੰ ਇੰਦਰ ਕੁਮਾਰ ਨੇ ਡਾਇਰੈਕਟ ਕੀਤਾ ਹੈ, ਅਤੇ ਭੂਸ਼ਣ ਕੁਮਾਰ, ਕ੍ਰਿਸ਼ਣ ਕੁਮਾਰ ਨੇ ਮਿਲ ਕੇ ਪ੍ਰੋਡਿਊਸ ਕੀਤਾ ਹੈ।
ਹਾਲ ਹੀ ‘ਚ ਫ਼ਿਲਮ ਦਾ ਇੱਕ ਟਰੇਲਰ ਸਾਹਮਣੇ ਆਇਆ ਤਾਂ ਟਵਿਟਰ ‘ਤੇ ਬਾਈਕਾਟ ਥੈਂਕ ਗੌਡ ਅਤੇ ਬਾਈਕਾਟ ਅਜੇ ਦੇਵਗਨ ਟਰੈਂਡ ਕਰਨ ਲੱਗਾ। ਅਸਲ ‘ਚ ਥੈਂਕ ਗੌਡ ‘ਚ ਅਜੇ ਦੇਵਗਨ ਨੇ ਚਿਤਰਗੁਪਤ ਦਾ ਕਿਰਦਾਰ ਨਿਭਾਇਆ ਹੈ ਜਿਸ ਦਾ ਕੰਮ ਹੈ ਲੋਕਾਂ ਦੇ ਚੰਗੇ ਅਤੇ ਮਾੜੇ ਕੰਮਾਂ ਦਾ ਹਿਸਾਬ ਕਰਨਾ। ਟਰੇਲਰ ‘ਚ ਅਜੇ ਦੇ ਆਲੇ-ਦੁਆਲੇ ਛੋਟੇ ਕੱਪੜਿਆਂ ‘ਚ ਕਈ ਲੜਕੀਆਂ ਨੂੰ ਵੀ ਦਿਖਾਇਆ ਗਿਆ ਹੈ। ਇਹ ਦੇਖ ਕੇ ਯੂਜ਼ਰਜ਼ ਭੜਕ ਉੱਠੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਫ਼ਿਲਮ ‘ਚ ਭਗਵਾਨ ਦਾ ਅਪਮਾਨ ਕੀਤਾ ਗਿਆ ਹੈ, ਅਤੇ ਹਿੰਦੂਆਂ ਦਾ ਮਜ਼ਾਕ ਉਡਾਇਆ ਗਿਆ ਹੈ।
ਦੱਸ ਦੇਈਏ ਕਿ ਇਸ ਟਰੈਂਡ ਨੇ ਕਈ ਵੱਡੀਆਂ ਫ਼ਿਲਮਾਂ ਦਾ ਬੁਰਾ ਹਾਲ ਕਰ ਦਿੱਤਾ ਹੈ, ਪਰ ਇਹ ਅਯਾਨ ਮੁਖਰਜੀ ਦੀ ਬ੍ਰਹਮਾਸਤਰ ਅੱਗੇ ਫ਼ੇਲ੍ਹ ਸਾਬਿਤ ਹੋਇਆ, ਅਤੇ ਰਣਬੀਰ ਕਪੂਰ ਤੇ ਆਲੀਆ ਭੱਟ ਦੀ ਫ਼ਿਲਮ ਬਾਕਸ ਆਫ਼ਿਸ ‘ਤੇ ਮੋਟੀ ਕਮਾਈ ਵੀ ਕਰ ਰਹੀ ਹੈ।