ਅੰਮ੍ਰਿਤਸਰ – ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵਲੋਂ ਗੁਰੂ ਨਗਰੀ ਵਿਚ 15 ਸਤੰਬਰ ਨੂੰ ਹੈਰੀਟੇਜ ਸਟਰੀਟ ਵਿਖੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਕੋਲ ਪਹੁੰਚਣ ਦੀ ਪ੍ਰੈੱਸ ਕਾਨਫਰੰਸ ਕਰਦੇ ਹੋਏ ਅਪੀਲ ਕੀਤੀ। ਦੱਸ ਦੇਈਏ ਕਿ ਮਾਨ ਨੇ ਪ੍ਰੈੱਸ ਕਾਨਫਰੰਸ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਸਾਰੇ ਵਰਕਰਾਂ ਨੂੰ ਫੋਨ ਬੰਦ ਕਰਨ ਲਈ ਕਿਹਾ, ਕਿਉਂਕਿ ਉਨ੍ਹਾਂ ਨੂੰ ਫੋਨ ਕਰਕੇ ਪਰੇਸ਼ਾਨੀ ਹੋ ਰਹੀ ਸੀ।
ਮਾਨ ਦੇ ਕਹਿਣ ’ਤੇ ਜਦੋਂ ਵਰਕਰਾਂ ਨੇ ਮੋਬਾਇਲ ਫੋਨ ਬੰਦ ਨਾ ਕੀਤੇ ਤਾਂ ਉਨ੍ਹਾਂ ਨੇ ਗੁੱਸੇ ਵਿਚ ਆਪਣੇ ਹੀ ਵਰਕਰਾਂ ਨੂੰ ਪੱਤਰਕਾਰਾਂ ਦੇ ਸਾਹਮਣੇ ਬਾਹਰ ਜਾਣ ਲਈ ਕਹਿ ਦਿੱਤਾ। ਪਿੱਛੇ ਖੜੇ ਪਾਰਟੀ ਵਰਕਰਾਂ ਨੂੰ ਮਾਨ ਨੇ ਝਿੜਕਿਆ ਅਤੇ ਇੱਕ ਵਰਕਰ ਨੂੰ ਬਾਂਹ ਫੜ ਕੇ ਪਾਸੇ ਕਰ ਦਿੱਤਾ। ਕਾਨਫਰੰਸ ਦੌਰਾਨ ਮਾਨ ਨੇ ਕਿਹਾ ਕਿ ਉਹ ਆਪਣਾ ਵੀ ਮੋਬਾਇਲ ਫੋਨ ਬੰਦ ਕਰਕੇ ਬੈਠੇ ਹਨ ਅਤੇ ਬਾਕੀ ਸਾਰੇ ਵੀ ਆਪਣੇ ਮੋਬਾਇਲ ਫੋਨ ਬੰਦ ਕਰ ਲੈਣ। ਜੇਕਰ ਉਨ੍ਹਾਂ ਨੂੰ ਮੋਬਾਇਲ ਫੋਨ ਦੀ ਆਵਾਜ਼ ਸੁਣਾਈ ਦਿੱਤੀ ਤਾਂ ਉਹ ਕਾਨਫਰੰਸ ਛੱਡ ਕੇ ਚਲੇ ਜਾਣਗੇ।