ਅਮਿਤ ਸ਼ਾਹ ਦਾ ਕੇਜਰੀਵਾਲ ’ਤੇ ਪਲਟਵਾਰ, ਕਿਹਾ- ਸੁਫ਼ਨਿਆਂ ਦਾ ਵਪਾਰ ਕਰਨ ਵਾਲਿਆਂ ਨੂੰ ਨਹੀਂ ਮਿਲੇਗੀ ਸਫ਼ਲਤਾ

ਨੈਸ਼ਨਲ ਡੈਸਕ– ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਜੋ ਲੋਕ ‘ਸੁਫ਼ਨੇ ਵੇਚਦੇ’ ਹਨ ਉਹ ਗੁਜਰਾਤ ’ਚ ਕਦੇ ਨਹੀਂ ਜਿੱਤਣਗੇ। ਗੁਜਰਾਤ ’ਚ ਇਸ ਸਾਲ ਦਸੰਬਰ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਡਿਜੀਟਲ ਤਰੀਕੇ ਨਾਲ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਸ਼ਾਹ ਨੇ ਮੁੱਖ ਮੰਤਰੀ ਭੁਪੇਂਦਰ ਪਟੇਲ ਦੇ ਅਗਵਾਈ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੋ-ਤਿਹਾਈ ਬਹੁਮਤ ਨਾਲ ਗੁਜਰਾਤ ’ਚ ਇਕ ਵਾਰ ਫਿਰ ਸਰਕਾਰ ਬਣਾਏਗੀ।
ਸ਼ਾਹ ਨੇ ਭੁਪੇਂਦਰ ਪਟੇਲ ਦੇ ਮੁੱਖ ਮੰਤਰੀ ਅਹੁਦੇ ’ਤੇ ਇਕ ਸਾਲ ਪੂਰੇ ਹੋਣ ਦੇ ਮੌਕੇ ਗਾਂਧੀਨਗਰ ’ਚ ਆਯੋਜਿਤ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸੁਫ਼ਨੇ ਵੇਚਣ ਵਾਲਿਆਂ ਨੂੰ ਗੁਜਰਾਤ ’ਚ ਕਦੇ ਵੀ ਚੁਣਾਵੀ ਸਫ਼ਲਤਾ ਨਹੀਂ ਮਿਲੇਗੀ ਕਿਉਂਕਿ ਜਨਤਾ ਉਨ੍ਹਾਂ ਨੂੰ ਹੀ ਸਮਰਥਨ ਕਰਦੀ ਹੈ ਜੋ ਕੰਮ ਕਰਨ ’ਚ ਵਿਸ਼ਵਾਸ ਕਰਦੇ ਹਨ । ਇਸ ਲਈ ਲੋਕ ਭਾਜਪਾ ਦੇ ਨਾਲ ਹਨ। ਭਾਜਪਾ ਸ਼ਾਨਦਾਰ ਜਿੱਤ ਹਾਸਲ ਕਰੇਗੀ।