ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਕੀਲ ਤੇ ਕੌਮੀ ਨਿਸ਼ਾਨੇਬਾਜ਼ ਸੁਖਮਨਪ੍ਰੀਤ ਸਿੰਘ ਸਿੱਧੂ ਉਰਫ਼ ਸਿੱਪੀ ਸਿੱਧੂ ਕਤਲ ਮਾਮਲੇ ਦੀ ਮੁੱਖ ਦੋਸ਼ੀ ਅਤੇ ਜੱਜ ਦੀ ਧੀ ਕਲਿਆਣੀ ਨੂੰ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਜਾਣਕਾਰੀ ਮੁਤਾਬਕ ਸਿੱਧੂ ਕਤਲ ਕੇਸ ‘ਚ ਮੁਲਜ਼ਮ ਕਲਿਆਣੀ ਨੂੰ ਸੀ. ਬੀ. ਆਈ. ਨੇ 15 ਜੂਨ ਨੂੰ ਗ੍ਰਿਫ਼ਤਾਰ ਕੀਤਾ ਸੀ। 2 ਵਾਰ ਰਿਮਾਂਡ ਲੈਣ ਤੋਂ ਬਾਅਦ ਸੀ. ਬੀ. ਆਈ. ਅਦਾਲਤ ਨੇ ਕਲਿਆਣੀ ਨੂੰ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਸੀ।
ਸੀ. ਬੀ. ਆਈ. ਨੇ ਸੋਮਵਾਰ ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ‘ਚ ਚਾਰਜਸ਼ੀਟ ਦਾਖ਼ਲ ਕੀਤੀ ਸੀ। ਇਸ ਦੌਰਾਨ ਹਾਈਕੋਰਟ ਨੂੰ ਦੱਸਿਆ ਗਿਆ ਸੀ ਕਿ ਕਲਿਆਣੀ ਖ਼ਿਲਾਫ਼ ਉਨ੍ਹਾਂ ਕੋਲ ਚਸ਼ਮਦੀਦ ਗਵਾਹ ਹੈ ਪਰ ਉਸ ਦਾ ਨਾਂ ਗੁਪਤ ਰੱਖਿਆ ਗਿਆ ਸੀ। ਸਿੱਪੀ ਪਰਿਵਾਰ ਦੇ ਵਕੀਲ ਆਰ. ਐੱਸ. ਬੈਂਸ ਨੇ ਕਿਹਾ ਕਿ ਉਹ ਸੀ. ਬੀ. ਆਈ. ਵੱਲੋਂ ਟ੍ਰਾਇਲ ਕੋਰਟ ‘ਚ ਪੇਸ਼ ਕੀਤੀ ਚਾਰਜਸ਼ੀਟ ਅਤੇ ਵਿਸਥਾਰ ਪੂਰਵਕ ਹੁਕਮ ਪੜ੍ਹਨ ਤੋਂ ਬਾਅਦ ਅਗਲੀ ਕਾਰਵਾਈ ਕਰਨਗੇ।
ਉਨ੍ਹਾਂ ਨੇ ਕਿਹਾ ਕਿ ਜੇਕਰ ਸਬੂਤ ਨਾ ਮਿਟਾਏ ਜਾਂਦੇ ਤਾਂ ਇਹ ਮਾਮਲਾ 10 ਦਿਨਾਂ ਅੰਦਰ ਹੀ ਹੱਲ ਹੋ ਜਾਂਦਾ। ਜ਼ਿਕਰਯੋਗ ਹੈ ਕਿ ਸੈਕਟਰ-27 ਦੇ ਪਾਰਕ ‘ਚ ਸਤੰਬਰ-2015 ਦੀ ਰਾਤ ਸਿੱਪੀ ਸਿੱਧੂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਘਟਨਾ ਸਥਾਨ ‘ਤੇ ਸੀ. ਸੀ. ਟੀ. ਵੀ. ਫੁਟੇਜ ‘ਚ ਇਕ ਕੁੜੀ ਅਤੇ ਨੌਜਵਾਨ ਘਟਨਾ ਨੂੰ ਅੰਜਾਮ ਦਿੰਦੇ ਦਿਖਾਈ ਦਿੱਤੇ ਸਨ।