ਲੁਧਿਆਣਾ : ਲੁਧਿਆਣਾ ਜ਼ਿਲ੍ਹੇ ‘ਚ ਡੇਂਗੂ ਤੇ ਸਵਾਈਨ ਫਲੂ ਨੇ ਕਹਿਰ ਮਚਾਇਆ ਹੋਇਆ ਹੈ। ਜ਼ਿਲ੍ਹੇ ‘ਚ ਡੇਂਗੂ ਦੇ ਹੁਣ ਤੱਕ 114 ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ’ਚ ਸਿਹਤ ਵਿਭਾਗ ਵੱਲੋਂ 61 ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਹੈ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ’ਚ 14 ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਨ੍ਹਾਂ ’ਚੋਂ 12 ਜ਼ਿਲ੍ਹੇ ਦੇ ਰਹਿਣ ਵਾਲੇ ਹਨ, ਜਦਕਿ ਦੂਜੇ ਜ਼ਿਲ੍ਹਿਆਂ ਆਦਿ ਨਾਲ ਸਬੰਧਿਤ ਹਨ। ਹੁਣ ਤੱਕ ਸਥਾਨਕ ਹਸਪਤਾਲਾਂ ’ਚ 113 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ, ਇਨ੍ਹਾਂ ’ਚੋਂ 52 ਮਰੀਜ਼ ਦੂਜੇ ਜ਼ਿਲ੍ਹਿਆਂ ਦੇ ਰਹਿਣ ਵਾਲੇ ਹਨ।
ਸਿਵਲ ਸਰਜਨ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ 1065 ਘਰਾਂ ਦਾ ਦੌਰਾ ਕੀਤਾ ਗਿਆ। ਇਨ੍ਹਾਂ ’ਚੋਂ 20 ਘਰਾਂ ’ਚ ਡੇਂਗੂ ਦਾ ਲਾਰਵਾ ਮਿਲਿਆ, ਜਦੋਂ ਕਿ 20 ਹੋਰ ਜਗ੍ਹਾ ’ਤੇ ਪਏ ਕੰਟੇਨਰ ’ਚ ਵੀ ਮੱਛਰ ਦਾ ਲਾਰਵਾ ਪਾਇਆ ਗਿਆ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਡੇਂਗੂ ਤੋਂ ਬਚਾਅ ਲਈ ਆਪਣੇ ਘਰ ਦੇ ਨੇੜੇ ਤੇੜੇ ਛੱਤ ’ਤੇ ਸਫਾਈ ਦਾ ਵਿਸ਼ੇਸ਼ ਧਿਆਨ ਰੱਖਣ ਅਤੇ ਕਿਤੇ ਵੀ ਬਾਰਿਸ਼ ਦਾ ਪਾਣੀ ਖੜ੍ਹਾ ਨਾ ਹੋਣ ਦੇਣ।
ਇਸੇ ਤਰ੍ਹਾਂ ਜ਼ਿਲ੍ਹੇ ’ਚ ਸਵਾਈਨ ਫਲੂ ਦੇ ਮਰੀਜ਼ਾਂ ਦੀ ਗਿਣਤੀ 20 ਹੋ ਗਈ ਹੈ। 2 ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆਈ। ਇਨ੍ਹਾਂ ’ਚੋਂ 1 ਜ਼ਿਲ੍ਹੇ ਦਾ ਰਹਿਣ ਵਾਲਾ ਸੀ, ਜਦਕਿ ਬਾਕੀ ਹੋਰ ਜ਼ਿਲ੍ਹਿਆਂ ਨਾਲ ਸਬੰਧਿਤ ਹਨ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਪਾਜ਼ੇਟਿਵ ਤੋਂ ਇਲਾਵਾ 6 ਸ਼ੱਕੀ ਮਰੀਜ਼ ਵੀ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ’ਚ 211 ਸ਼ੱਕੀ ਮਰੀਜ਼ ਦੂਜੇ ਜ਼ਿਲ੍ਹਿਆਂ ਆਦਿ ਸਬੰਧਿਤ ਹਨ, ਜਦੋਂ ਕਿ 99 ਸ਼ੱਕੀ ਮਰੀਜ਼ ਜ਼ਿਲ੍ਹੇ ਦੇ ਰਹਿਣ ਵਾਲੇ ਹਨ।