ਜੰਮੂ ਕਸ਼ਮੀਰ ‘ਚ ਸਬ ਇੰਸਪੈਕਟਰਾਂ ਦੀ ਭਰਤੀ ਘਪਲੇ ਨੂੰ ਲੈ ਕੇ 33 ਥਾਂਵਾਂ ‘ਤੇ CBI ਨੇ ਕੀਤੀ ਛਾਪੇਮਾਰੀ

ਨਵੀਂ ਦਿੱਲੀ/ਜੰਮੂ- ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਜੰਮੂ-ਕਸ਼ਮੀਰ ‘ਚ ਸਬ-ਇੰਸਪੈਕਟਰਾਂ ਦੀ ਭਰਤੀ ਪ੍ਰਕਿਰਿਆ ਵਿਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਮੰਗਲਵਾਰ ਨੂੰ ਜੇ.ਕੇ.ਐੱਸ.ਐੱਸ.ਬੀ. ਦੇ ਸਾਬਕਾ ਚੇਅਰਮੈਨ ਖਾਲਿਦ ਜਹਾਂਗੀਰ ਦੇ ਟਿਕਾਣਿਆਂ ਸਮੇਤ 33 ਥਾਵਾਂ ’ਤੇ ਛਾਪੇਮਾਰੀ ਕੀਤੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਸਰਵਿਸਿਜ਼ ਸਿਲੈਕਸ਼ਨ ਬੋਰਡ (ਜੇ.ਕੇ.ਐੱਸ.ਐੱਸ.ਬੀ.) ਦੇ ਪ੍ਰੀਖਿਆ ਕੰਟਰੋਲਰ ਅਸ਼ੋਕ ਕੁਮਾਰ ਦੇ ਅਹਾਤੇ ‘ਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਛਾਪੇਮਾਰੀ ਜੰਮੂ, ਸ਼੍ਰੀਨਗਰ, ਹਰਿਆਣਾ ਦੇ ਕਰਨਾਲ, ਮਹੇਂਦਰਗੜ੍ਹ, ਰੇਵਾੜੀ, ਗੁਜਰਾਤ ਦੇ ਗਾਂਧੀਨਗਰ, ਦਿੱਲੀ, ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਅਤੇ ਕਰਨਾਟਕ ਦੇ ਬੈਂਗਲੁਰੂ ‘ਚ ਕੀਤੀ ਜਾ ਰਹੀ ਹੈ।
ਅਧਿਕਾਰੀਆਂ ਮੁਤਾਬਕ ਸਬ-ਇੰਸਪੈਕਟਰ ਦੀ ਭਰਤੀ ਵਿਚ ਕਥਿਤ ਬੇਨਿਯਮੀਆਂ ਦੀ ਜਾਂਚ ਦੇ ਸਬੰਧ ਵਿਚ ਸੀ.ਬੀ.ਆਈ. ਵੱਲੋਂ ਦੂਜੇ ਦੌਰ ਦੀ ਛਾਪੇਮਾਰੀ ਕੀਤੀ ਜਾ ਰਹੀ ਹੈ। ਸੀ.ਬੀ.ਆਈ. ਨੇ 5 ਅਗਸਤ ਨੂੰ ਐੱਫ.ਆਈ.ਆਰ. ਦਰਜ ਕਰਨ ਤੋਂ ਬਾਅਦ ਕਿਹਾ ਸੀ,“ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਜੰਮੂ ਕਸ਼ਮੀਰ ਪੁਲਸ ‘ਚ ਸਬ ਇੰਸਪੈਕਟਰਾਂ ਦੇ ਅਹੁਦਿਆਂ ਲਈ 27.03.2022 ਨੂੰ ਹੋਈ ਲਿਖਤੀ ਪ੍ਰੀਖਿਆ ਵਿਚ ਬੇਨਿਯਮੀਆਂ ਦੇ ਦੋਸ਼ਾਂ ਨੂੰ ਲੈ ਕੇ ਜੰਮੂ-ਕਸ਼ਮੀਰ ਪ੍ਰਸ਼ਾਸਨ ਦੀ ਅਪੀਲ ‘ਤੇ 33 ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।” ਇਸ ਸਾਲ 4 ਜੂਨ ਨੂੰ ਪ੍ਰੀਖਿਆ ਨਤੀਜੇ ਐਲਾਨ ਕੀਤੇ ਗਏ ਸਨ, ਜਿਸ ਤੋਂ ਬਾਅਦ ਪ੍ਰੀਖਿਆ ‘ਚ ਗੜਬੜੀ ਦੇ ਦੋਸ਼ ਸਾਹਮਣੇ ਆਏ ਸਨ। ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਦੋਸ਼ਾਂ ਦੀ ਜਾਂਚ ਲਈ ਇਕ ਕਮੇਟੀ ਦਾ ਗਠਨ ਕੀਤਾ ਸੀ।