ਜੰਮੂ/ਸ੍ਰੀਨਗਰ – ਗੁਲਾਮ ਨਬੀ ਆਜ਼ਾਦ ਨੇ ਗੁਪਕਾਰ ਗਠਜੋੜ ’ਤੇ ਅਸਿੱਧਾ ਹਮਲਾ ਬੋਲਦਿਆਂ ਕਿਹਾ ਹੈ ਕਿ ਭਾਰਤੀ ਸੰਵਿਧਾਨ ਦੀ ਧਾਰਾ 370 ਨੂੰ ਹੁਣ ਕਦੇ ਵੀ ਬਹਾਲ ਨਹੀਂ ਕੀਤਾ ਜਾ ਸਕੇਗਾ, ਇਸ ਲਈ ਲੋਕਾਂ ਨੂੰ ਗੁੰਮਰਾਹ ਕਰਨਾ ਬੰਦ ਕੀਤਾ ਜਾਵੇ। ਮੈਂ ਲੋਕਾਂ ਨੂੰ ਭੁਲੇਖੇ ’ਚ ਨਹੀਂ ਰੱਖਾਂਗਾ। ਕਾਂਗਰਸ ਦੇ ਸਾਬਕਾ ਨੇਤਾ ਗੁਲਾਮ ਨਬੀ ਆਜ਼ਾਦ ਐਤਵਾਰ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਕਸਬੇ ’ਚ ਇਕ ਜਨ ਸਭਾ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਮੈਂ ਧਾਰਾ 370 ’ਤੇ ਲੋਕਾਂ ਨੂੰ ਗੁੰਮਰਾਹ ਨਹੀਂ ਕਰਾਂਗਾ ਕਿਉਂਕਿ ਇਸ ਨੂੰ ਵਾਪਸ ਨਹੀਂ ਲਿਆ ਜਾ ਸਕਦਾ, ਇਸ ਲਈ ਸੰਸਦ ਵਿਚ ਦੋ ਤਿਹਾਈ ਬਹੁਮਤ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਉਹ 10 ਦਿਨਾਂ ਵਿਚ ਆਪਣੀ ਨਵੀਂ ਪਾਰਟੀ ਦੇ ਨਾਂ ਦਾ ਐਲਾਨ ਕਰਨਗੇ।
ਜਨ ਸਭਾ ’ਚ ਵੱਡਾ ਬਿਆਨ ਦਿੰਦਿਆਂ ਆਜ਼ਾਦ ਨੇ ਕਿਹਾ ਕਿ ਉਨ੍ਹਾਂ ਆਪਣੇ ਨਵੇਂ ਸਿਆਸੀ ਏਜੰਡੇ ’ਚ ਧਾਰਾ 370 ਨੂੰ ਬਹਾਲ ਕਰਨ ਦਾ ਵਾਅਦਾ ਨਹੀਂ ਕੀਤਾ ਕਿਉਂਕਿ ਉਹ ਝੂਠੇ ਵਾਅਦੇ ਕਰਨ ’ਚ ਵਿਸ਼ਵਾਸ ਨਹੀਂ ਰੱਖਦੇ। ਧਾਰਾ 370 ਨੂੰ ਬਹਾਲ ਕਰਨ ਲਈ ਲੋਕ ਸਭਾ ਵਿਚ 350 ਅਤੇ ਰਾਜ ਸਭਾ ਵਿਚ 175 ਵੋਟਾਂ ਦੀ ਲੋੜ ਹੋਵੇਗੀ। ਇਹ ਇਕ ਅਜਿਹਾ ਨੰਬਰ ਹੈ ਜੋ ਕਿਸੇ ਵੀ ਸਿਆਸੀ ਪਾਰਟੀ ਕੋਲ ਨਹੀਂ ਹੈ। ਭਵਿੱਖ ’ਚ ਵੀ ਕਿਸੇ ਇਕ ਪਾਰਟੀ ਨੂੰ ਇਹ ਨੰਬਰ ਮਿਲਣ ਦੀ ਸੰਭਾਵਨਾ ਨਹੀਂ ਹੈ। ਅੱਜ ਕਾਂਗਰਸ 50 ਤੋਂ ਵੀ ਘੱਟ ਸੀਟਾਂ ’ਤੇ ਸਿਮਟ ਗਈ ਹੈ । ਜੇ ਮੈਂ ਧਾਰਾ 370 ਨੂੰ ਬਹਾਲ ਕਰਨ ਦੀ ਗੱਲ ਕਰਦਾ ਹਾਂ ਤਾਂ ਇਹ ਝੂਠਾ ਵਾਅਦਾ ਹੋਵੇਗਾ। ਆਜ਼ਾਦ ਨੇ ਕਿਹਾ ਕਿ ਨਵੀਂ ਬਣਨ ਵਾਲੀ ਸਿਆਸੀ ਪਾਰਟੀ ਦੇ ਏਜੰਡੇ ਵਿਚ ਸਥਾਨਕ ਲੋਕਾਂ ਲਈ ਰਾਜ ਦਾ ਦਰਜਾ, ਜ਼ਮੀਨ ਅਤੇ ਨੌਕਰੀਆਂ ਦੀ ਬਹਾਲੀ ਸ਼ਾਮਲ ਹੈ। ਕੁਝ ਲੋਕਾਂ ਨੇ ਉਨ੍ਹਾਂ ’ਤੇ ਧਾਰਾ 370 ਨੂੰ ਰੱਦ ਕਰਨ ਦੇ ਮਤੇ ਦੇ ਹੱਕ ਵਿਚ ਵੋਟ ਪਾਉਣ ਦਾ ਦੋਸ਼ ਲਾਇਆ ਹੈ, ਜਦਕਿ ਉਨ੍ਹਾਂ ਇਸ ਨੂੰ ਰੱਦ ਕਰਨ ਦੇ ਵਿਰੋਧ ਵਿਚ ਵੋਟ ਦਿੱਤੀ ਸੀ।
ਆਜ਼ਾਦ ਨੇ ਮੁੱਖ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਜੰਮੂ-ਕਸ਼ਮੀਰ ’ਚ ਵਿਕਾਸ ਕਾਰਜਾਂ ਅਤੇ ਜ਼ਿਲ੍ਹੇ ਬਣਾਉਣ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਵਾਦੀ ਵਿਚ 4 ਅਤੇ ਜੰਮੂ ਡਿਵੀਜ਼ਨ ’ਚ 3 ਨਵੇਂ ਜ਼ਿਲ੍ਹੇ ਬਣਾਏ ਗਏ ਸਨ। ਉਸ ਸਮੇਂ ਦੌਰਾਨ ਨਵੇਂ ਮੈਡੀਕਲ ਕਾਲਜ ਵੀ ਬਣੇ। ਉਹ ਕਦੇ ਵੀ ਲੋਕਾਂ ਨਾਲ ਧੋਖਾ ਨਹੀਂ ਕਰਨਗੇ। ਕਾਂਗਰਸ ਪਾਰਟੀ ਦੀ ਮੁਢਲੀ ਮੈਂਬਰੀ ਤੋਂ ਅਸਤੀਫਾ ਦੇਣ ਤੋਂ ਬਾਅਦ ਕਸ਼ਮੀਰ ਵਿਚ ਆਜ਼ਾਦ ਦਾ ਇਹ ਪਹਿਲਾ ਜਨਤਕ ਇੱਕਠ ਸੀ।