ਅਹਿਮਦਾਬਾਦ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸੋਮਵਾਰ ਨੂੰ ਅਹਿਮਦਾਬਾਦ ’ਚ 3 ਬੈਠਕਾਂ ਕਰਨਗੇ, ਜਿਨ੍ਹਾਂ ’ਚ ਉਹ ਆਟੋ ਡਰਾਈਵਰਾਂ, ਕਾਰੋਬਾਰੀਆਂ ਅਤੇ ਵਕੀਲਾਂ ਨਾਲ ਗੱਲਬਾਤ ਕਰਨਗੇ। ਦੱਸ ਦੇਈਏ ਕਿ ਗੁਜਰਾਤ ’ਚ ਇਸ ਸਾਲ ਦੇ ਅਖੀਰ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਅਜਿਹੇ ’ਚ ਕੇਜਰੀਵਾਲ ਦਾ ਸੂਬੇ ਦਾ ਦੌਰਾ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਕੇਜਰੀਵਾਲ ਵੱਖ-ਵੱਖ ਜਨਤਕ ਪ੍ਰੋਗਰਾਮਾਂ ’ਚ ਸ਼ਾਮਲ ਹੋਣ ਅਤੇ ਭਾਜਪਾ ਸ਼ਾਸਿਤ ਗੁਜਰਾਤ ’ਚ ‘ਆਪ’ ਦੀ ਚੋਣ ਮੁਹਿੰਮ ਤਹਿਤ ਸੋਮਵਾਰ ਅਤੇ ਮੰਗਲਵਾਰ ਨੂੰ ਸਥਾਨਕ ਪਾਰਟੀ ਆਗੂਆਂ ਨੂੰ ਮਿਲਣ ਐਤਵਾਰ ਨੂੰ ਅਹਿਮਦਾਬਾਦ ਪਹੁੰਚੇ ਸਨ।
‘ਆਪ’ ਦੀ ਗੁਜਰਾਤ ਇਕਾਈ ਵਲੋਂ ਸਾਂਝਾ ਕੀਤੇ ਗਏ ਪ੍ਰੋਗਰਾਮ ਮੁਤਾਬਕ ਕੇਜਰੀਵਾਲ ਸੋਮਵਾਰ ਨੂੰ ਇੱਥੇ 3 ਬੈਠਕਾਂ ’ਚ ਹਿੱਸਾ ਲੈਣਗੇ, ਜਿੱਥੇ ਉਹ ਆਟੋ ਡਰਾਈਵਰਾਂ, ਕਾਰੋਬਾਰੀਆਂ ਅਤੇ ਵਕੀਲਾਂ ਨਾਲ ਗੱਲਬਾਤ ਕਰਨਗੇ। ਮੰਗਲਵਾਰ ਨੂੰ ਕੇਜਰੀਵਾਲ ਸਫਾਈ ਕਰਮੀਆਂ ਨਾਲ ਇਕ ਬੈਠਕ ਕਰਨਗੇ। ਉਹ ਸਥਾਨਕ ‘ਆਪ’ ਆਗੂਆਂ ਅਤੇ ਵਰਕਰਾਂ ਨਾਲ ਵੀ ਚਰਚਾ ਕਰਨਗੇ ਅਤੇ ਅਹਿਮਦਾਬਾਦ ’ਚ ਪਾਰਟੀ ’ਚ ਨਵੇਂ ਮੈਂਬਰਾਂ ਦਾ ਸਵਾਗਤ ਕਰਨਗੇ। ਪਾਰਟੀ ਮੁਤਾਬਕ ਕੇਜਰੀਵਾਲ ਗੁਜਰਾਤ ਦੇ ਲੋਕਾਂ ਲਈ ਕੁਝ ਐਲਾਨ ਵੀ ਕਰਨਗੇ। ਕੇਜਰੀਵਾਲ ਨੇ ਐਤਵਾਰ ਨੂੰ ਕਿਹਾ ਸੀ ਕਿ ਗੁਜਰਾਤ ਦੇ ਲੋਕਾਂ ਨੂੰ ਉਨ੍ਹਾਂ ਦੀ ਅਗਲੀ ਗਰੰਟੀ ‘ਭ੍ਰਿਸ਼ਟਾਚਾਰ ਮੁਕਤ’ ਸਰਕਾਰ ਦੇਣ ਦੀ ਹੋਵੇਗੀ।