ਪੁਰਾਤੱਤਵ ਵਿਗਿਆਨੀ ਬੀ.ਬੀ. ਲਾਲ ਦਾ ਦਿਹਾਂਤ, PM ਮੋਦੀ ਨੇ ਦਿੱਤੀ ਸ਼ਰਧਾਂਜਲੀ

ਨਵੀਂ ਦਿੱਲੀ– ਪੁਰਾਤੱਤਵ ਵਿਗਿਆਨੀ ਅਤੇ ਪਦਮ ਵਿਭੂਸ਼ਣ ਨਾਲ ਸਨਮਾਨਿਤ ਬੀ.ਬੀ. ਲਾਲ ਦਾ ਸ਼ਨੀਵਾਰ ਨੂੰ 101 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇਕ ਮਹਾਨ ਬੁੱਧੀਜੀਵੀ ਦੇ ਰੂਪ ’ਚ ਯਾਦ ਕੀਤਾ ਜਾਵੇਗਾ, ਜਿਨ੍ਹਾਂ ਨੇ ਸਾਡੇ ਅਮੀਰ ਅਤੀਤ ਦੇ ਨਾਲ ਸਾਡਾ ਸਬੰਧ ਡੂੰਘਾ ਕੀਤਾ ਹੈ। ਲਾਲ ਭਾਰਤੀ ਪੁਰਾਤੱਤਵ ਸਰਵੇਖਣ ਦੇ ਡਾਇਰੈਕਟਰ ਜਨਰਲ ਸਨ ਅਤੇ ਅਯੁੱਧਿਆ ਵਿਚ ਉਸ ਜਗ੍ਹਾ ’ਤੇ ਖੁਦਾਈ ਦੌਰਾਨ ਮੰਦਰ ਵਰਗੇ ਥੰਮ ਮਿਲੇ ਸਨ ਜਿੱਥੇ ਹੁਣ ਰਾਮ ਮੰਦਰ ਬਣਾਇਆ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਬੀ.ਬੀ. ਲਾਲ ਇਕ ਅਸਾਧਾਰਣ ਵਿਅਕਤੀ ਸਨ। ਸੱਭਿਆਚਾਰ ਅਤੇ ਪੁਰਾਤੱਤਵ ’ਚ ਉਨ੍ਹਾਂ ਦਾ ਯੋਗਦਾਨ ਬੇਮਿਸਾਲ ਹੈ। ਉਨ੍ਹਾਂ ਨੂੰ ਇਕ ਮਹਾਨ ਬੁੱਧੀਜੀਵੀ ਵਜੋਂ ਯਾਦ ਕੀਤਾ ਜਾਵੇਗਾ ਜਿਨ੍ਹਾਂ ਨੇ ਸਾਡੇ ਅਮੀਰ ਅਤੀਤ ਨਾਲ ਸਾਡੀ ਸਾਂਝ ਨੂੰ ਡੂੰਘਾ ਕੀਤਾ। ਉਨ੍ਹਾਂ ਦੇ ਦਿਹਾਂਤ ਤੋਂ ਦੁਖੀ ਹਾਂ। ਮੇਰੀ ਹਮਦਰਦੀ ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਦੇ ਨਾਲ ਹੈ। ਓਮ ਸ਼ਾਂਤੀ।
ਕੇਂਦਰੀ ਸੱਭਿਆਚਾਰ ਮੰਤਰੀ ਜੀ ਕਿਸ਼ਨ ਰੈੱਡੀ ਨੇ ਕਿਹਾ ਕਿ ਦੇਸ਼ ਨੇ ਇਕ ਪ੍ਰਤਿਭਾਸ਼ਾਲੀ ਵਿਅਕਤੀ ਨੂੰ ਗੁਆ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲਾਲ ਨੇ ਚਾਰ ਦਹਾਕਿਆਂ ਤੋਂ ਵੱਧ ਸਮੇਂ ਤਕ ਭਾਰਤ ਦੀ ਪੁਰਾਤੱਤਵ ਖੁਦਾਈ ਅਤੇ ਯਤਨਾਂ ਅਤੇ ਪੁਰਾਤੱਤਵ ਵਿਗਿਆਨੀਆਂ ਦੀ ਸਿਖਲਾਈ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ।