ਜਕਾਰਤਾ – ਇੰਡੋਨੇਸ਼ੀਆ ਦੇ ਦੂਰ-ਦੁਰਾਡੇ ਪੂਰਬੀ ਸੂਬੇ ਪੱਛਮੀ ਪਾਪੂਆ ‘ਚ ਸ਼ਨੀਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹਾਲਾਂਕਿ, ਫਿਲਹਾਲ ਕਿਸੇ ਜਾਨੀ ਜਾਂ ਕਿਸੇ ਗੰਭੀਰ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਇੰਡੋਨੇਸ਼ੀਆ ਦੀ ਮੌਸਮ ਵਿਗਿਆਨ, ਜਲਵਾਯੂ ਵਿਗਿਆਨ ਅਤੇ ਭੂ-ਭੌਤਿਕ ਵਿਗਿਆਨ ਏਜੰਸੀ ਨੇ ਕਿਹਾ ਕਿ ਭੂਚਾਲ ਪੱਛਮੀ ਪਾਪੂਆ ਸੂਬੇ ਦੇ ਕੇਂਦਰੀ ਮਾਮਬਰਮੋ ਜ਼ਿਲ੍ਹੇ ਤੋਂ ਲਗਭਗ 37 ਕਿਲੋਮੀਟਰ ਉੱਤਰ-ਪੱਛਮ ਵਿੱਚ ਘੱਟੋ-ਘੱਟ ਚਾਰ ਵਾਰ ਆਇਆ, ਜਿਸਦੀ ਤੀਬਰਤਾ 6.2 ਅਤੇ 5.5 ਦੇ ਵਿਚਕਾਰ ਮਾਪੀ ਗਈ।
ਭੂਚਾਲ ਦਾ ਕੇਂਦਰ ਜ਼ਮੀਨ ਤੋਂ 16 ਕਿਲੋਮੀਟਰ ਦੀ ਡੂੰਘਾਈ ‘ਤੇ ਸਥਿਤ ਸੀ। ਭੂਚਾਲ ਅਤੇ ਸੁਨਾਮੀ ਮਿਟੀਗੇਸ਼ਨ ਡਿਵੀਜ਼ਨ ਦੇ ਮੁਖੀ ਡਾਰਿਓਨੋ ਨੇ ਕਿਹਾ ਕਿ ਇਨ੍ਹਾਂ ਭੂਚਾਲਾਂ ਤੋਂ ਸੁਨਾਮੀ ਦਾ ਕੋਈ ਖ਼ਤਰਾ ਨਹੀਂ ਹੈ। ਉਨ੍ਹਾਂ ਨੇ ਕਿਹਾ, ‘ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।’ ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਭੂਚਾਲ ਦੀ ਤੀਬਰਤਾ 6.1 ਤੋਂ 5.9 ਮਾਪੀ ਅਤੇ ਭੂਚਾਲ ਦਾ ਕੇਂਦਰ ਜ਼ਮੀਨ ਤੋਂ 19 ਤੋਂ 33 ਕਿਲੋਮੀਟਰ ਦੀ ਡੂੰਘਾਈ ‘ਤੇ ਰੱਖਿਆ।
ਪੱਛਮੀ ਪਾਪੂਆ ਇੰਡੋਨੇਸ਼ੀਆ ਦੇ ਸਭ ਤੋਂ ਘੱਟ ਆਬਾਦੀ ਵਾਲੇ ਸੂਬਿਆਂ ਵਿੱਚੋਂ ਇੱਕ ਹੈ ਅਤੇ ਇੱਥੇ ਕਰੀਬ 12 ਲੱਖ ਲੋਕ ਰਹਿੰਦੇ ਹਨ। ਇੰਡੋਨੇਸ਼ੀਆ ਭੂਚਾਲ ਦੇ ਲਿਹਾਜ ਤੋਂ ਸੰਵੇਦਨਸ਼ੀਲ ਖੇਤਰ ਹੈ। ਫਰਵਰੀ ‘ਚ ਪੱਛਮੀ ਸੁਮਾਤਰਾ ਸੂਬੇ ‘ਚ 6.2 ਤੀਬਰਤਾ ਵਾਲੇ ਭੂਚਾਲ ‘ਚ ਘੱਟੋ-ਘੱਟ 25 ਲੋਕਾਂ ਦੀ ਮੌਤ ਹੋ ਗਈ ਸੀ ਅਤੇ 460 ਤੋਂ ਵੱਧ ਜ਼ਖ਼ਮੀ ਹੋ ਗਏ ਸਨ।