PM ਮੋਦੀ ਨੇ ਡਾਇਮੰਡ ਲੀਗ ਚੈਂਪੀਅਨ ਬਣਨ ‘ਤੇ ਨੀਰਜ ਚੋਪੜਾ ਨੂੰ ਦਿੱਤੀ ਵਧਾਈ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਓਲੰਪਿਕ ਸੋਨ ਤਮਗਾ ਜੇਤੂ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੂੰ ਡਾਇਮੰਡ ਲੀਗ ਫਾਈਨਲਜ਼ ਦਾ ਖ਼ਿਤਾਬ ਜਿੱਤਣ ‘ਤੇ ਵਧਾਈ ਦਿੱਤੀ।
ਪ੍ਰਧਾਨ ਮੰਤਰੀ ਨੇ ਟਵਿੱਟਰ ‘ਤੇ ਲਿਖਿਆ, ”ਵੱਕਾਰੀ ਡਾਇਮੰਡ ਲੀਗ ਟਰਾਫੀ ਜਿੱਤਣ ਵਾਲੇ ਪਹਿਲੇ ਭਾਰਤੀ ਬਣ ਕੇ ਇਕ ਵਾਰ ਫਿਰ ਇਤਿਹਾਸ ਰਚਣ ਲਈ ਨੀਰਜ ਚੋਪੜਾ ਨੂੰ ਵਧਾਈ। ਉਨ੍ਹਾਂ ਨੇ ਬੜੀ ਲਗਨ ਅਤੇ ਨਿਰੰਤਰਤਾ ਨਾਲ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਦੀਆਂ ਲਗਾਤਾਰ ਸਫ਼ਲਤਾਵਾਂ ਦਰਸਾਉਂਦੀਆਂ ਹਨ ਕਿ ਭਾਰਤੀ ਅਥਲੈਟਿਕਸ ਕਿੰਨੀ ਤਰੱਕੀ ਕਰ ਰਿਹਾ ਹੈ।’
ਚੋਪੜਾ ਸਵਿਟਜ਼ਰਲੈਂਡ ਦੇ ਜ਼ਿਊਰਿਖ ਵਿੱਚ ਮਸ਼ਹੂਰ ਡਾਇਮੰਡ ਲੀਗ ਫਾਈਨਲ ਦਾ ਖਿਤਾਬ ਜਿੱਤਣ ਵਾਲੇ ਪਹਿਲੇ ਭਾਰਤੀ ਬਣ ਗਏ ਹਨ। ਚੋਪੜਾ ਨੇ ਫਾਊਲ ਨਾਲ ਸ਼ੁਰੂਆਤ ਕੀਤੀ ਪਰ ਆਪਣੀ ਦੂਜੀ ਕੋਸ਼ਿਸ਼ ਵਿੱਚ 88.44 ਮੀਟਰ ਦੇ ਥਰੋਅ ਨਾਲ ਸਿਖਰ ‘ਤੇ ਪਹੁੰਚ ਗਏ। ਇਹ ਉਨ੍ਹਾਂ ਦੇ ਕਰੀਅਰ ਦਾ ਚੌਥਾ ਸਰਵੋਤਮ ਪ੍ਰਦਰਸ਼ਨ ਹੈ। ਉਨ੍ਹਾਂ ਨੇ ਆਪਣੀਆਂ ਅਗਲੀਆਂ ਚਾਰ ਕੋਸ਼ਿਸ਼ਾਂ ਵਿੱਚ 88.00 ਮੀਟਰ, 86.11 ਮੀਟਰ, 87.00 ਮੀਟਰ ਅਤੇ 83.60 ਮੀਟਰ ਜੈਵਲਿਨ ਥਰੋਅ ਕੀਤਾ।