ਭਾਰੀ ਸੁਰੱਖਿਆ ਹੇਠ ਗੈਂਗਸਟਰ ਲਾਰੈਂਸ ਬਿਸ਼ਨੋਈ ਖਰੜ ਅਦਾਲਤ ’ਚ ਪੇਸ਼, ਰਿਮਾਂਡ ’ਚ ਹੋਇਆ ਵਾਧਾ

ਖਰੜ : ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰ ਮਾਈਂਡ ਖ਼ਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਵੀਰਵਾਰ ਭਾਰੀ ਸੁਰੱਖਿਆ ਪ੍ਰਬੰਧਾਂ ਅਧੀਨ ਖਰੜ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੋਂ ਉਸ ਦੇ ਪਹਿਲਾਂ ਦਿੱਤੇ ਪੁਲਸ ਰਿਮਾਂਡ ਵਿਚ ਵਾਧਾ ਕਰਦੇ ਹੋਏ ਉਸ ਨੂੰ ਚਾਰ ਦਿਨਾਂ ਦੇ ਹੋਰ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਸੀ. ਆਈ. ਏ. ਸਟਾਫ ਖਰੜ ਵਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਖਰੜ ਸਦਰ ਥਾਣੇ ਵਿਚ ਦਰਜ ਐੱਫ. ਆਈ. ਆਰ. ਨੰਬਰ-115 ਅਧੀਨ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਪਹਿਲਾਂ ਉਸ ਨੂੰ 10 ਦਿਨਾਂ ਦੇ ਪੁਲਸ ਰਿਮਾਂਡ ਵਿਚ ਭੇਜਿਆ ਗਿਆ ਸੀ, ਜੋ ਅੱਜ ਸਮਾਪਤ ਹੋ ਗਿਆ ਸੀ ਅਤੇ ਹੁਣ ਉਸ ਨੂੰ ਦੁਬਾਰਾ ਚਾਰ ਦਿਨ੍ਹਾਂ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।
ਅਦਾਲਤ ਵਿਚ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਪੁਲਸ ਰਿਮਾਂਡ ਮੰਗਦੇ ਹੋਏ ਸਰਕਾਰੀ ਪੱਖ ਵਲੋਂ ਕਿਹਾ ਗਿਆ ਕਿ ਅਜੇ ਪੁਲਸ ਵਲੋਂ 5 ਪਿਸਤੌਲ ਹੋਰ ਬਰਾਮਦ ਕੀਤੇ ਜਾਣੇ ਹਨ ਅਤੇ ਇਸ ਕੇਸ ਵਿਚ ਹੋਰ ਮੁਲਜ਼ਮਾਂ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ ਜਾਣੀ ਹੈ।