ਸੁਖਬੀਰ ਦੇ ਕੇਜਰੀਵਾਲ ‘ਤੇ ਇਲਜ਼ਾਮ- ਹਰਿਆਣਾ ‘ਚ ਚੋਣ ਲਾਭ ਲੈਣ ਲਈ ਪੰਜਾਬ ਦੇ ਪਾਣੀਆਂ ਦਾ ਹੱਕ ਹਰਿਆਣਾ ਨੂੰ ਸੌਂਪਿਆ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਇਸ ਗੱਲ ’ਤੇ ਜ਼ੋਰ ਦੇਣ ਲਈ ਨਿੰਦਾ ਕੀਤੀ ਹੈ ਕਿ ਐੱਸ.ਵਾਈ.ਐੱਲ. ਨਹਿਰ ਦਾ ਪਾਣੀ ਹਰਿਆਣਾ ਨੂੰ ਦਿੱਤਾ ਜਾਣਾ ਚਾਹੀਦਾ ਹੈ ਤੇ ਸੂਬੇ ਦੇ ਮੁੱਖ ਮੰਤਰੀ ਵੱਲੋਂ ਇਸ ਪੰਜਾਬ ਵਿਰੋਧੀ ਬਿਆਨ ਦਾ ਸਮਰਥਨ ਨਹੀਂ ਕੀਤਾ ਜਾਣਾ ਚਾਹੀਦਾ।
ਬਾਦਲ ਨੇ ਕਿਹਾ ਕਿ ਜਿਸ ਪਾਰਟੀ ਨੂੰ 92 ਸੀਟਾਂ ਦਾ ਬਹੁਮਤ ਦਿੱਤਾ ਗਿਆ ਸੀ, ਉਸ ਵੱਲੋਂ ਸੂਬੇ ਦੇ ਹਿੱਤਾਂ ਦੀ ਵਿਕਰੀ ਪੰਜਾਬ ਦੇ ਇਤਿਹਾਸ ‘ਚ ਵਿਲੱਖਣ ਹੈ। ਮਾਨ ਸਰਕਾਰ ਨੂੰ ਹਰਿਆਣਾ ਵਿਚ ਇਸ਼ਾਰਾ ਕਰਕੇ ਲਿਜਾਇਆ ਗਿਆ ਤੇ ਕੇਜਰੀਵਾਲ ਦੇ ਅਧੀਨ ਕੰਮ ਕਰਨ ਦੇ ਰੂਪ ‘ਚ ਪ੍ਰਦਰਸ਼ਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮਾਨ ਨੇ ਜਿਸ ਤਰ੍ਹਾਂ ਕੇਜਰੀਵਾਲ ਦੇ ਬਿਆਨ ਦਾ ਸਮਰਥਨ ਕੀਤਾ, ਉਹ ਮੰਦਭਾਗਾ ਹੈ। ਪੰਜਾਬੀ ਕਦੇ ਨਹੀਂ ਸੋਚ ਸਕਦੇ ਕਿ ਉਨ੍ਹਾਂ ਵੱਲੋਂ ਚੁਣੇ ਮੁੱਖ ਮੰਤਰੀ ਆਪਣੇ ਦਰਿਆਵਾਂ ਦੇ ਪਾਣੀ ’ਤੇ ਦਸਤਖ਼ਤ ਕਰ ਰਹੇ ਹਨ ਪਰ ਭਗਵੰਤ ਮਾਨ ਸੱਤਾ ‘ਚ ਬਣੇ ਰਹਿਣ ਲਈ ਅਜਿਹਾ ਕਰਨ ਲਈ ਤਿਆਰ ਹਨ। ਭਗਵੰਤ ਮਾਨ ਨੂੰ ਹਰਿਆਣਾ ਸਰਕਾਰ ਦੇ ਨਾਲ ਐੱਸ.ਵਾਈ.ਐੱਲ. ’ਤੇ ਕਿਸੇ ਵੀ ਮੀਟਿੰਗ ਸ਼ਾਮਲ ਨਾ ਹੋਣ ਦੀ ਚਿਤਾਵਨੀ ਦਿੰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਗੱਲਬਾਤ ਉਦੋਂ ਹੀ ਹੁੰਦੀ ਹੈ ਜਦੋਂ ਤੁਹਾਡੇ ਕੋਲ ਦੇਣ ਲਈ ਕੁਝ ਹੁੰਦਾ ਹੈ। ਬਾਦਲ ਨੇ ਕਿਹਾ ਕਿ ਅਕਾਲੀ ਦਲ ਨੇ ਪੰਜਾਬ ਦੇ ਦਰਿਆਈ ਪਾਣੀ ਦੀ ਦ੍ਰਿੜ੍ਹਤਾ ਨਾਲ ਰੱਖਿਆ ਕੀਤੀ ਹੈ ਤੇ ਅੱਗੇ ਵੀ ਕਰਦਾ ਹੀ ਰਹੇਗਾ।
ਸੁਖਬੀਰ ਸਿੰਘ ਬਾਦਲ ਨੇ ਪੋਸਟ ਸ਼ੇਅਰ ਕਰਦਿਆਂ ਲਿਖਿਆ, “ਕੇਜਰੀਵਾਲ ਵੱਲੋਂ ਭਗਵੰਤ ਮਾਨ ਨੂੰ ਹਿਸਾਰ ਪ੍ਰੈੱਸ ਕਾਨਫਰੰਸ ਵਿੱਚ ਨਾਲ ਲਿਜਾ ਕੇ ਪੰਜਾਬ ਦੇ ਪਾਣੀਆਂ ਦਾ ਹੱਕ ਹਰਿਆਣਾ ਨੂੰ ਸੌਂਪਣ ਦੀ ਆਮ ਆਦਮੀ ਪਾਰਟੀ ਦੁਆਰਾ ਘੜੀ ਸਾਜ਼ਿਸ਼ ਦਾ ਇਕ ਚਰਨ ਪੂਰਾ ਹੋ ਗਿਆ ਹੈ। ਭਗਵੰਤ ਮਾਨ ਖੁਦ ਕਹਿ ਰਿਹਾ ਹੈ ਕਿ ਉਹ ਇਸ ਮਸਲੇ ‘ਤੇ ਹਰਿਆਣਾ ਨਾਲ ਮੀਟਿੰਗ ਕਰਕੇ ਸਮੁੱਚੀ ਪ੍ਰਕਿਰਿਆ ਪੂਰੀ ਕਰਨਗੇ। ਭਗਵੰਤ ਮਾਨ ਨੇ ਇਸ ਕਾਇਰਤਾ ਭਰੀ ਕਾਰਵਾਈ ਨਾਲ ਪੰਜਾਬੀਆਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਇਹ ਦੂਜੀ ਵਾਰ ਹੈ ਜਦੋਂ ਉਨ੍ਹਾਂ ਨੇ ਕੇਜਰੀਵਾਲ ਦੀ ਰਬੜ ਸਟੈਂਪ ਵਾਂਗ ਕੰਮ ਕੀਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਚੰਡੀਗੜ੍ਹ ਦੇ ਪੰਜਾਬ ਉੱਤੇ ਹੱਕੀ ਦਾਅਵੇ ਸਬੰਧੀ ਪੰਜਾਬ ਦੇ ਕੇਸ ਨੂੰ ਕਮਜ਼ੋਰ ਕੀਤਾ ਹੈ। ਪੰਜਾਬ ਵਾਸੀ ਇਸ ਧੋਖੇ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਸ਼੍ਰੋਮਣੀ ਅਕਾਲੀ ਦਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਗਾਊਂ ਚਿਤਾਵਨੀ ਦਿੰਦਾ ਹੈ ਕਿ ਉਹ ਐੱਸ.ਵਾਈ.ਐੱਲ. ਬਣਾਉਣ ਦੇ ਮੁੱਦੇ ‘ਤੇ ਹਰਿਆਣਾ ਨਾਲ ਕਿਸੇ ਵੀ ਮੀਟਿੰਗ ਵਿੱਚ ਸ਼ਾਮਲ ਨਾ ਹੋਣ। ਅਸੀਂ ਪੰਜਾਬ ਦੇ ਪਾਣੀ ਦੀ ਇਕ ਬੂੰਦ ਵੀ ਹਰਿਆਣਾ ‘ਚ ਨਹੀਂ ਜਾਣ ਦੇਵਾਂਗੇ। ਸ਼੍ਰੋਮਣੀ ਅਕਾਲੀ ਵੱਲੋਂ ਇਹ ਗੱਲ ਬਿਲਕੁਲ ਸਪੱਸ਼ਟ ਹੈ ਕਿ ਪੰਜਾਬ ‘ਚ ਐੱਸ.ਵਾਈ.ਐੱਲ ਨਹਿਰ ਨਹੀਂ ਕੱਢੀ ਜਾ ਸਕਦੀ।”