ਦਮਿਸ਼ਕ – ਸੀਰੀਆ ਦੇ ਉੱਤਰੀ ਸ਼ਹਿਰ ਅਲੇਪੋ ‘ਚ ਇਕ 5 ਮੰਜ਼ਿਲਾ ਰਿਹਾਇਸ਼ੀ ਇਮਾਰਤ ਦੇ ਢਹਿ ਜਾਣ ਕਾਰਨ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ। ਸਰਕਾਰੀ ਸਮਾਚਾਰ ਏਜੰਸੀ ‘ਸਾਨਾ’ ਨੇ ਇਹ ਜਾਣਕਾਰੀ ਦਿੱਤੀ। ਏਜੰਸੀ ਦੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਬੁੱਧਵਾਰ ਨੂੰ ਅਲ-ਫਿਰਦੌਸ ਨੇੜੇ ਇਕ ਇਮਾਰਤ ਢਹਿ ਗਈ, ਜਿਸ ਦੇ ਮਲਬੇ ਹੇਠੋਂ 6 ਔਰਤਾਂ, 3 ਬੱਚਿਆਂ ਅਤੇ 1 ਪੁਰਸ਼ ਦੀਆਂ ਲਾਸ਼ਾਂ ਮਿਲੀਆਂ ਹਨ। ਇਸ ਹਾਦਸੇ ਵਿੱਚ 1 ਔਰਤ ਅਤੇ 1 ਬੱਚੇ ਨੂੰ ਬਚਾ ਲਿਆ ਗਿਆ ਅਤੇ ਇਲਾਜ ਲਈ ਹਸਪਤਾਲ ਲਿਜਾਇਆ ਗਿਆ।
ਰਿਪੋਰਟ ਮੁਤਾਬਕ ਘਟਨਾ ਤੋਂ ਬਾਅਦ ਅਧਿਕਾਰੀਆਂ ਨੇ ਨੇੜਲੀਆਂ ਇਮਾਰਤਾਂ ਨੂੰ ਖਾਲੀ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ। ਰਿਪੋਰਟ ‘ਚ ਅਲੇਪੋ ਦੇ ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਢਹਿ-ਢੇਰੀ ਹੋਈ ਇਮਾਰਤ ਨੂੰ ਸਮਰੱਥ ਅਧਿਕਾਰੀਆਂ ਦੀ ਸਹਿਮਤੀ ਤੋਂ ਬਿਨਾਂ ਗੈਰ-ਕਾਨੂੰਨੀ ਢੰਗ ਨਾਲ ਬਣਾਇਆ ਗਿਆ ਸੀ। ਅਲੇਪੋ ਵਿੱਚ ਜੰਗਾਂ ਦੌਰਾਨ ਵੱਡੇ ਪੈਮਾਨੇ ‘ਤੇ ਕਈ ਇਲਾਕੇ ਬਰਬਾਦ ਹੋ ਗਏ ਹਨ ਅਤੇ ਇੱਥੇ ਪਰਤੇ ਨਾਗਰਿਕ ਨੁਕਸਾਨੀਆਂ ਜਾਂ ਅੰਸ਼ਕ ਤੌਰ ‘ਤੇ ਮੁਰੰਮਤ ਕੀਤੀਆਂ ਇਮਾਰਤਾਂ ਵਿੱਚ ਰਹਿੰਦੇ ਹਨ, ਜਿਸ ਕਾਰਨ ਕਈ ਵਾਰ ਅਜਿਹੀਆਂ ਦੁਖਦਾਈ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ।