ਭਾਰਤ ਰੂਸ ਨਾਲ ਭਾਈਵਾਲੀ ਨੂੰ ਮਜ਼ਬੂਤ ਕਰੇਗਾ: PM ਮੋਦੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਆਰਕਟਿਕ (Arctic) ਮਾਮਲਿਆਂ ’ਚ ਰੂਸ ਨਾਲ ਆਪਣੀ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਗੰਭੀਰ ਹੈ। ਉਨ੍ਹਾਂ ਇਹ ਵੀ ਕਿਹਾ ਕਿ ਊਰਜਾ ਦੇ ਖੇਤਰ ’ਚ ਦੋਵਾਂ ਦੇਸ਼ਾਂ ਦਰਮਿਆਨ ਸਹਿਯੋਗ ਦੀਆਂ ਬਹੁਤ ਸੰਭਾਵਨਾਵਾਂ ਹਨ। ਰੂਸ ਦੇ ਵਲਾਦਿਵੋਸਤੋਕ ’ਚ ਆਯੋਜਿਤ ਪੂਰਬੀ ਆਰਥਿਕ ਮੰਚ ਦੇ ਪੂਰਨ ਸੈਸ਼ਨ ਨੂੰ ਆਨਲਾਈਨ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਭਾਰਤ ਯੂਕ੍ਰੇਨ ਯੁੱਧ ਦੀ ਸ਼ੁਰੂਆਤ ਤੋਂ ਹੀ ਕੂਟਨੀਤੀ ਤੇ ਗੱਲਬਾਤ ਦਾ ਰਾਹ ਅਪਣਾਉਣ ਦੀ ਲੋੜ ’ਤੇ ਜ਼ੋਰ ਦਿੰਦਾ ਆ ਰਿਹਾ ਹੈ ਤੇ ਉਹ ਸੰਘਰਸ਼ ਨੂੰ ਖਤਮ ਕਰਨ ਲਈ ਸਾਰੇ ਸ਼ਾਂਤੀਪੂਰਨ ਯਤਨਾਂ ਦਾ ਸਮਰਥਨ ਕਰਦਾ ਹੈ।
ਮੀਟਿੰਗ’ਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੀ ਮੌਜੂਦ ਸਨ। ਪ੍ਰਧਾਨ ਮੰਤਰੀ ਨੇ ਸਾਲ 2019 ’ਚ ਮੰਚ ਦੇ ਸ਼ਿਖਰ ਸੰਮੇਲਨ ’ਚ ਆਪਣੀ ਮੌਜੂਦਗੀ ਨੂੰ ਯਾਦ ਕਰਦਿਆਂ ਕਿਹਾ ਕਿ ਭਾਰਤ ਨੇ ਉਸ ਸਮੇਂ ਆਪਣੀ ‘ਐਕਟ ਫਾਰ-ਈਸਟ’ ਨੀਤੀ ਦਾ ਐਲਾਨ ਕੀਤਾ ਸੀ ਤੇ ਨਤੀਜੇ ਵਜੋਂ ਭਾਰਤ ਦਾ ਰੂਸ ਦੇ ਦੂਰ-ਪੂਰਬੀ ਖੇਤਰ ਨਾਲ ਵੱਖ-ਵੱਖ ਖੇਤਰਾਂ ’ਚ ਸਹਿਯੋਗ ਵਧਿਆ ਹੈ। ਉਨ੍ਹਾਂ ਕਿਹਾ ਇਹ ਨੀਤੀ ਹੁਣ ਭਾਰਤ ਤੇ ਰੂਸ ਵਿਚਾਲੇ ‘ਵਿਸ਼ੇਸ਼ ਤੇ ਵਿਸ਼ੇਸ਼ ਅਧਿਕਾਰ ਪ੍ਰਾਪਤ ਰਣਨੀਤਕ ਭਾਈਵਾਲੀ’ ਦਾ ਇਕ ਵੱਡਾ ਹਿੱਸਾ ਬਣ ਗਈ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਇਸ ਮਹੀਨੇ ਵਲਾਦਿਵੋਸਤੋਕ ’ਚ ਭਾਰਤੀ ਕੌਂਸਲੇਟ ਦੀ ਸਥਾਪਨਾ ਦੇ 30 ਸਾਲ ਪੂਰੇ ਹੋ ਰਹੇ ਹਨ। ਭਾਰਤ ਇਸ ਸ਼ਹਿਰ ’ਚ ਵਣਜ ਅੰਬੈਸੀ ਖੋਲ੍ਹਣ ਵਾਲਾ ਪਹਿਲਾ ਦੇਸ਼ ਸੀ। ਉਦੋਂ ਤੋਂ ਇਹ ਸ਼ਹਿਰ ਸਾਡੇ ਸਬੰਧਾਂ ’ਚ ਕਈ ਵੱਡੀਆਂ ਪ੍ਰਾਪਤੀਆਂ ਦਾ ਗਵਾਹ ਰਿਹਾ ਹੈ। ਉਨ੍ਹਾਂ ਕਿਹਾ ਮੈਂ ਇਸ ਮੰਚ ਦੀ ਸਥਾਪਨਾ ਲਈ ਪੁਤਿਨ ਨੂੰ ਉਨ੍ਹਾਂ ਦੀ ਸੋਚ ਲਈ ਵਧਾਈ ਦਿੰਦਾ ਹਾਂ।