ਨਿਤੀਸ਼ ਨੇ ਵਿਰੋਧੀ ਦਲਾਂ ਨੂੰ ਇਕੱਠੇ ਹੋਣ ਦੀ ਕੀਤੀ ਅਪੀਲ ਕਿਹਾ- ਇਹ ‘ਮੁੱਖ ਮੋਰਚਾ’ ਹੋਵੇਗਾ

ਨਵੀਂ ਦਿੱਲੀ – ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਬੁੱਧਵਾਰ ਨੂੰ ਸਾਰੀਆਂ ਗੈਰ-ਭਾਜਪਾ ਪਾਰਟੀਆਂ ਨੂੰ ਇਕਜੁੱਟ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਤੀਜਾ ਮੋਰਚਾ ਨਹੀਂ ਸਗੋਂ ‘ਮੁੱਖ ਮੋਰਚਾ’ ਹੋਵੇਗਾ। ਉਨ੍ਹਾਂ ਕਈ ਗੈਰ-ਭਾਜਪਾ ਆਗੂਆਂ ਨੂੰ ਮਿਲਣ ਤੋਂ ਬਾਅਦ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੱਲਬਾਤ ਵਿਸਤ੍ਰਿਤ ਤੇ ਸਾਕਾਰਾਤਮਕ ਰਹੀ। ਨਿਤੀਸ਼ ਨੇ ਕਿਹਾ, ‘ਜੇਕਰ ਵੱਖ-ਵੱਖ ਰਾਜਾਂ ਦੀਆਂ ਸਾਰੀਆਂ ਗੈਰ-ਭਾਜਪਾ ਪਾਰਟੀਆਂ ਇਕਜੁੱਟ ਹੋ ਜਾਂਦੀਆਂ ਹਨ ਤਾਂ 2024 ਦੀਆਂ ਲੋਕ ਸਭਾ ਚੋਣਾਂ ਲਈ ਅਜਿਹਾ ਮਾਹੌਲ ਸਿਰਜਿਆ ਜਾਵੇਗਾ ਜਿਸ ਤੋਂ ਬਾਅਦ ਚੀਜ਼ਾਂ ਇਕਪਾਸੜ ਨਹੀਂ ਰਹਿਣਗੀਆਂ। ਮੈਂ ਜਿਸ ਕਿਸੇ ਨਾਲ ਵੀ ਗੱਲ ਕੀਤੀ, ਉਸ ਨਾਲ ਹਾਂ-ਪੱਖੀ ਗੱਲਬਾਤ ਹੋਈ।’
ਤੀਜੇ ਮੋਰਚੇ ਬਾਰੇ ਉਨ੍ਹਾਂ ਕਿਹਾ ਕਿ ਜਦੋਂ ਵੀ ਕੋਈ ਕਹਿੰਦਾ ਹੈ ਕਿ ਤੀਜਾ ਮੋਰਚਾ ਬਣਾਉਣ ਦੀ ਲੋੜ ਹੈ ਤਾਂ ਮੈਂ ਹਮੇਸ਼ਾ ਕਹਿੰਦਾ ਹਾਂ ਕਿ ਆਓ ‘ਮੁੱਖ ਮੋਰਚਾ’ ਬਣਾਈਏ। ਇਸ ਤੋਂ ਪਹਿਲਾਂ ਅੱਜ ਨਿਤੀਸ਼ ਕੁਮਾਰ ਨੇ ਭਾਜਪਾ ਨੂੰ ਟੱਕਰ ਦੇਣ ਲਈ ਵਿਰੋਧੀ ਪਾਰਟੀਆਂ ਨੂੰ ਸਾਂਝੇ ਮੰਚ ’ਤੇ ਲਿਆਉਣ ਦੀਆਂ ਕੋਸ਼ਿਸ਼ਾਂ ਤਹਿਤ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ. ਸੀ. ਪੀ.) ਦੇ ਮੁਖੀ ਸ਼ਰਦ ਪਵਾਰ ਨਾਲ ਮੁਲਾਕਾਤ ਕੀਤੀ ਤੇ ਕਿਹਾ ਕਿ 2024 ਦੀਆਂ ਚੋਣਾਂ ਲਈ ਉਨ੍ਹਾਂ ਦੇ ਗਠਜੋੜ ਦੇ ਨੇਤਾ ਦਾ ਫੈਸਲਾ ਬਾਅਦ ’ਚ ਕੀਤਾ ਜਾਵੇਗਾ।
ਵਿਰੋਧੀ ਗਠਜੋੜ ਦੀ ਵਿਆਪਕ ਰੂਪਰੇਖਾ ’ਤੇ ਨਿਤੀਸ਼ ਨੇ ਕਿਹਾ ਕਿ ਪਹਿਲਾਂ ਇਕੱਠੇ ਹੋਣਾ ਜ਼ਰੂਰੀ ਹੈ। ਕੁਮਾਰ ਨੇ ਭਾਕਪਾ (ਮਾਲੇ) ਦੇ ਆਗੂ ਦੀਪਾਂਕਰ ਭੱਟਾਚਾਰੀਆ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਮੋਰਚੇ ਦੇ ਆਗੂ ਬਾਰੇ ਫੈਸਲਾ ਬਾਅਦ ’ਚ ਕੀਤਾ ਜਾ ਸਕਦਾ ਹੈ। ਪਹਿਲਾਂ ਇਕੱਠੇ ਹੋਣਾ ਜ਼ਰੂਰੀ ਹੈ। ਬਿਹਾਰ ’ਚ ਭਾਜਪਾ ਤੋਂ ਨਾਤਾ ਤੋੜ ਕੇ ਰਾਸ਼ਟਰੀ ਜਨਤਾ ਦਲ (ਰਾਜਦ) ਤੇ ਹੋਰ ਪਾਰਟੀਆਂ ਨਾਲ ਮਿਲ ਕੇ ਸਰਕਾਰ ਬਣਾਉਣ ਤੋਂ ਬਾਅਦ ਕੁਮਾਰ ਰਾਸ਼ਟਰੀ ਰਾਜਧਾਨੀ ਦੇ ਆਪਣੇ 3 ਦਿਨਾਂ ਦੌਰੇ ਦੌਰਾਨ ਵਿਰੋਧੀ ਨੇਤਾਵਾਂ ਨਾਲ ਮੁਲਾਕਾਤ ਕਰ ਰਹੇ ਹਨ।