ਕਾਰਤਿਕ ਆਰੀਅਨ ਹੋਏਗਾ ਆਸ਼ਿਕੀ 3 ਦਾ ਹੀਰੋ

ਭੂਲ ਭੁਲੱਈਆ 2 ਸਟਾਰ ਕਾਰਤਿਕ ਆਰੀਅਨ ਨੂੰ ਲੋਕਾਂ ਨੇ ਜ਼ਿਆਦਾਤਰ ਰੋਮੈਂਟਿਕ-ਕੌਮੇਡੀ ਵਾਲੇ ਕਿਰਦਾਰਾਂ ‘ਚ ਦੇਖਿਆ ਹੈ ਪਰ ਹੁਣ ਆਪਣੀ ਨਵੀਂ ਫ਼ਿਲਮ ‘ਚ ਕਾਰਤਿਕ ਇੱਕ ਹਾਰਡ ਕੋਰ ਰੋਮਾਂਟਿਕ ਹੀਰੋ ਬਣਨ ਜਾ ਰਿਹਾ ਹੈ। ਦਿਲ ਛੂਹ ਜਾਣ ਵਾਲੀਆਂ ਪ੍ਰੇਮ ਕਹਾਣੀਆਂ ਲਈ ਮਸ਼ਹੂਰ ਆਸ਼ਿਕੀ ਫ੍ਰੈਂਚਾਇਜ਼ ਦੀ ਤੀਜੀ ਇਨਸਟਾਲਮੈਂਟ ਬਣਨ ਜਾ ਰਹੀ ਹੈ ਅਤੇ ਉਸ ਦਾ ਹੀਰੋ ਕਾਰਤਿਕ ਆਰੀਅਨ ਹੋਵੇਗਾ।
ਕਾਰਤਿਕ ਆਰੀਅਨ ਨੇ ਖ਼ੁਦ ਆਸ਼ਿਕੀ 3 ਦਾ ਐਲਾਨ ਕੀਤਾ। ਕਾਰਤਿਕ ਨੇ ਟਵਿਟਰ ‘ਤੇ ਇੱਕ ਛੋਟੀ ਜਿਹੀ ਕਲਿੱਪ ਸਾਂਝੀ ਕੀਤੀ ਜਿਸ ‘ਚ ਆਸ਼ਿਕੀ 3 ਟਾਈਟਲ ਲਿਖਿਆ ਹੋਇਆ ਹੈ। ਉਸ ਦੇ ਬੈਕਗਰਾਊਂਡ ‘ਚ ਅਰਿਜੀਤ ਸਿੰਘ ਦੀ ਆਵਾਜ਼ ‘ਚ ਅਬ ਤੇਰੇ ਬਿਨ ਜੀ ਲੇਂਗੇ ਹਮ ਗੀਤ ਸੁਣਾਈ ਦੇ ਰਿਹਾ ਹੈ ਅਤੇ ਇਹ ਤਾਂ ਭੁੱਲਣ ਵਾਲੀ ਗੱਲ ਨਹੀਂ ਕਿ ਇਹ ਗੀਤ ਸਭ ਤੋਂ ਪਹਿਲਾਂ ਓਰਿਜਨਲ ਆਸ਼ਿਕੀ ਫ਼ਿਲਮ ਤੋਂ ਲਿਆ ਗਿਆ ਹੈ ਜੋ 1990 ‘ਚ ਰਿਲੀਜ਼ ਹੋਈ ਸੀ।
ਰਾਹੁਲ ਰਾਏ ਅਤੇ ਅਨੂੰ ਅਗਰਵਾਲ ਸਟਾਰਰ ਉਹ ਲਵ ਸਟੋਰੀ ਬੌਲੀਵੁਡ ਦੀ ਆਈਕੌਨਿਕ ਰੋਮਾਂਟਿਕ ਫ਼ਿਲਮਾਂ ‘ਚ ਗਿਣੀ ਜਾਂਦੀ ਹੈ ਅਤੇ ਇਸ ‘ਚ ਕੁਮਾਰ ਸਾਨੂ ਦਾ ਗੀਤ ਅਬ ਤੇਰੇ ਬਿਨ ਜੀ ਲੇਂਗੇ ਹਮ ਇੱਕ ਬਹੁਤ ਵੱਡਾ ਹਿੱਟ ਸਾਬਿਤ ਹੋਇਆ ਸੀ। ਕਾਰਤਿਕ ਦੇ ਆਸ਼ਿਕੀ 3 ਵਾਲੇ ਐਲਾਨ ‘ਚ ਧਿਆਨ ਵਾਲੀ ਗੱਲ ਇਹ ਹੈ ਕਿ ਇਸ ਦਾ 3 ਅੱਗ ਦੇ ਐਨੀਮੇਸ਼ਨ ਨਾਲ ਲਿਖਿਆ ਹੋਇਆ ਹੈ।
ਵੀਡੀਓ ਨਾਲ ਫ਼ਿਲਮ ਦਾ ਐਲਾਨ ਕਰਦਿਆਂ ਕਾਰਤਿਕ ਨੇ ਲਿਖਿਆ, ”ਅਬ ਤੇਰੇ ਬਿਨ ਜੀ ਲੇਂਗੇ ਹਮ, ਜ਼ਹਿਰ ਜ਼ਿੰਦਗੀ ਕਾ ਪੀ ਲੇਂਗੇ ਹਮ … ਆਸ਼ਿਕੀ 3 … ਇਹ ਬਹੁਤ ਦਿਲ ਦਹਿਲਾ ਦੇਣ ਵਾਲੀ ਹੋਵੇਗੀ। ਬਸੂ ਦਾ (ਅਨੁਰਾਗ ਬਾਸੂ) ਨਾਲ ਮੇਰੀ ਪਹਿਲੀ ਫ਼ਿਲਮ।”