ਆਦਮਪੁਰ- ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੀਰਵਾਰ ਯਾਨੀ ਕਿ ਅੱਜ ਹਰਿਆਣਾ ਦੇ ਆਦਮਪੁਰ ’ਚ ‘ਤਿਰੰਗਾ ਯਾਤਰਾ’ ਦੀ ਅਗਵਾਈ ਕਰਨਗੇ ਅਤੇ ਇਕ ਰੈਲੀ ਨੂੰ ਸੰਬੋਧਿਤ ਕਰਨਗੇ। ਦੱਸ ਦੇਈਏ ਕਿ ਕੇਜਰੀਵਾਲ ਦੋ ਦਿਨਾਂ ਦੌਰੇ ’ਤੇ ਬੁੱਧਵਾਰ ਨੂੰ ਹਰਿਆਣਾ ਪਹੁੰਚੇ ਸਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਨਾਲ ਹਨ।
ਆਮ ਆਦਮੀ ਪਾਰਟੀ (ਆਪ) ਨੇ ਕਿਹਾ ਕਿ ‘ਤਿਰੰਗਾ ਯਾਤਰਾ’ ਹਿਸਾਰ ਦੇ ਆਦਮਪੁਰ ਦੇ ਕ੍ਰਾਂਤੀ ਚੌਕ ਤੋਂ ਸ਼ੁਰੂ ਹੋਵੇਗੀ। ਪਾਰਟੀ ਨੇ ਕਿਹਾ ਕਿ ਕੇਜਰੀਵਾਲ ਬਾਅਦ ’ਚ ਆਦਮਪੁਰ ਮੰਡੀ ’ਚ ਇਕ ਰੈਲੀ ਨੂੰ ਸੰਬੋਧਿਤ ਕਰਨਗੇ। ਹਰਿਆਣਾ ਵਿਧਾਨ ਸਭਾ ਤੋਂ ਵਿਧਾਇਕ ਦੇ ਤੌਰ ’ਤੇ ਕੁਲਦੀਪ ਬਿਸ਼ਨੋਈ ਦੇ ਅਸਤੀਫ਼ੇ ਮਗਰੋਂ ਆਦਮਪੁਰ ਵਿਧਾਨ ਸਭਾ ਸੀਟ ’ਤੇ ਜ਼ਿਮਨੀ ਚੋਣ ਹੋਣਾ ਤੈਅ ਹੈ। ਜਿਸ ਨੂੰ ਵੇਖ ਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਦਾ ਹਿਸਾਰ ਦੌਰਾ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
ਦੱਸ ਦੇਈਏ ਕਿ ਬਿਸ਼ਨੋਈ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋ ਗਏ ਹਨ। ਆਦਮਪੁਰ ਸੀਟ ਨੂੰ ਬਿਸ਼ਨੋਈ ਦਾ ਗੜ੍ਹ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਹਰਿਆਣਾ ’ਚ ਪੰਚਾਇਤੀ ਚੋਣਾਂ ਵੀ ਹੋਣੀਆਂ ਹਨ। ਕੇਜਰੀਵਾਲ ਨੇ ਬੁੱਧਵਾਰ ਨੂੰ ਹਿਸਾਰ ਤੋਂ ਆਪਣੀ ਪਾਰਟੀ ਦੇ ‘ਮੇਕ ਇੰਡੀਆ ਨੰਬਰ-ਵਨ’ ਮੁਹਿੰਮ ਦੀ ਸ਼ੁਰੂਆਤ ਕੀਤੀ।