ਅਰਸ਼ਦੀਪ ਸਿੰਘ ਭਾਰਤ ਦਾ ਮਾਣ, ਹਰ ਭਾਰਤੀ ਉਨ੍ਹਾਂ ਨਾਲ ਖੜ੍ਹਾ ਹੈ: BJP

ਨਵੀਂ ਦਿੱਲੀ– ਭਾਜਪਾ ਪਾਰਟੀ ਦੇ ਜਨਰਲ ਸਕੱਤਰ ਤਰੁਣ ਚੁੱਘ ਨੇ ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਭਾਰਤ ਦਾ ਮਾਣ ਕਰਾਰ ਦਿੱਤਾ ਅਤੇ ਕਿਹਾ ਕਿ ਹਰ ਭਾਰਤੀ ਉਨ੍ਹਾਂ ਨਾਲ ਖੜ੍ਹਾ ਹੈ। ਚੁੱਘ ਨੇ ਸੂਚਨਾ ਅਤੇ ਉਦਯੋਗਿਕ (IT) ਮੰਤਰਾਲਾ ਵਲੋਂ ਅਰਸ਼ਦੀਪ ਸਿੰਘ ਬਾਰੇ ਝੂਠੀ ਜਾਣਕਾਰੀ ਪ੍ਰਕਾਸ਼ਤ ਕਰਨ ਲਈ ਵਿਕੀਪੀਡੀਆ ਖ਼ਿਲਾਫ ਕੀਤੀ ਗਈ ਕਾਰਵਾਈ ਦਾ ਵੀ ਸਵਾਗਤ ਕੀਤਾ।
ਦੱਸ ਦੇਈਏ ਕਿ ਅਰਸ਼ਦੀਪ ਸਿੰਘ ਨੇ ਦੁਬਈ ’ਚ ਐਤਵਾਰ ਨੂੰ ਭਾਰਤ-ਪਾਕਿਸਤਾਨ ਵਿਚਾਲੇ ਹੋਏ ਏਸ਼ੀਆ ਕੱਪ ਦੇ ਟੀ-20 ਮੈਚ ’ਚ ਇਕ ਅਹਿਮ ਕੈਚ ਛੱਡ ਦਿੱਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸੋਸ਼ਲ ਮੀਡੀਆ ’ਤੇ ਤਿੱਖੇ ਸ਼ਬਦੀ ਹਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੈਚ ਛੱਡਣ ਮਗਰੋਂ ਵਿਕੀਪੀਡੀਆ ਪੇਜ਼ ’ਤੇ ਉਨ੍ਹਾਂ ਨਾਲ ਸਬੰਧਤ ਜਾਣਕਾਰੀ ਨੂੰ ਬਦਲ ਦਿੱਤਾ ਗਿਆ ਅਤੇ ਉਨ੍ਹਾਂ ਦਾ ਸਬੰਧ ਵੱਖਵਾਦੀ ਖਾਲਿਸਤਾਨੀ ਅੰਦੋਲਨ ਨਾਲ ਦੱਸਿਆ ਗਿਆ।
ਚੁੱਘ ਨੇ ਕਿਹਾ ਕਿ ਅਰਸ਼ਦੀਪ ਭਾਰਤ ਦੇ ਮਾਣ ਹਨ। ਉਹ ਪੰਜਾਬ ਦੇ ਉੱਭਰਦੇ ਖਿਡਾਰੀ ਹਨ ਅਤੇ ਹਰ ਭਾਰਤੀ ਉਨ੍ਹਾਂ ਨਾਲ ਖੜ੍ਹਾ ਹੈ। ਉਨ੍ਹਾਂ ਖ਼ਿਲਾਫ ਨਫ਼ਰਤ ਭਰੀ ਟਿੱਪਣੀ ਕਰਨ ਵਾਲਿਆਂ ’ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਅਰਸ਼ਦੀਪ ਦੇ ਸਮਰਥਨ ’ਚ ਟਵਿੱਟਰ ’ਤੇ ‘ਆਈ ਸਟੈਂਡ ਵਿਦ ਅਰਸ਼ਦੀਪ’ ਮੁਹਿੰਮ ਵੀ ਚਲਾਈ ਗਈ ਹੈ। ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਵੀ ਅਰਸ਼ਦੀਪ ਦਾ ਸਮਰਥਨ ਕੀਤਾ ਹੈ।