ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਕਿਹਾ ਕਿ ਬ੍ਰਿਟੇਨ ਨੂੰ ਪਛਾੜ ਕੇ ਭਾਰਤ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੀ ਖ਼ੁਸ਼ੀ ਖ਼ਾਸ ਹੈ ਕਿਉਂਕਿ ਦੇਸ਼ ਨੇ ਉਨ੍ਹਾਂ ਨੂੰ ਪਿੱਛੇ ਛੱਡਿਆ ਹੈ, ਜਿਸ ਨੇ ਇਥੇ 250 ਸਾਲਾਂ ਰਾਜ ਕੀਤਾ। ਰਾਸ਼ਟਰੀ ਅਧਿਆਪਕ ਪੁਰਸਕਾਰ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨੇ ਭਾਰਤ ਦੇ ਵਿਸ਼ਵ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦਾ ਜ਼ਿਕਰ ਕੀਤਾ ਅਤੇ ਕਿਹਾ, “ਢਾਈ ਸੌ ਸਾਲ ਤਕ ਜੋ ਸਾਡੇ ’ਤੇ ਰਾਜ ਕਰਕੇ ਗਏ ਸਨ, ਉਨ੍ਹਾਂ ਨੂੰ ਪਿੱਛੇ ਛੱਡ ਕੇ ਅਸੀਂ ਵਿਸ਼ਵ ਦੀ ਅਰਥਵਿਵਸਥਾ ’ਚ ਅੱਗੇ ਨਿਕਲ ਗਏ ਹਾਂ।’’ ਪ੍ਰਧਾਨ ਮੰਤਰੀ ਨੇ ਕਿਹਾ, ‘‘ਛੇਵੇਂ ਤੋਂ ਪੰਜਵੇਂ ਸਥਾਨ ’ਤੇ ਆਉਣ ਦੀ ਖ਼ੁਸ਼ੀ ਹੁੰਦੀ ਹੈ, ਉਸ ਤੋਂ ਜ਼ਿਆਦਾ ਖੁਸ਼ੀ ਇਸ ’ਚ ਹੋਈ।’’ਉਨ੍ਹਾਂ ਕਿਹਾ ਕਿ ਛੇਵੇਂ ਤੋਂ ਪੰਜਵੇਂ ’ਤੇ ਆਉਂਦੇ ਤਾਂ ‘ਥੋੜ੍ਹੀ ਖ਼ੁਸ਼ੀ’ ਹੁੰਦੀ ਪਰ ਇਹ ਪੰਜਾ ‘ਸਪੈਸ਼ਲ’ ਹੈ ਕਿਉਂਕਿ ਅਸੀਂ ਉਨ੍ਹਾਂ (ਬ੍ਰਿਟੇਨ ਨੂੰ) ਪਿੱਛੇ ਛੱਡ ਦਿੱਤਾ ਹੈ।
ਦੱਸਣਯੋਗ ਹੈ ਕਿ ਭਾਰਤ ਸ਼ਨੀਵਾਰ ਬ੍ਰਿਟੇਨ ਨੂੰ ਪਛਾੜ ਕੇ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ। ਹੁਣ ਸਿਰਫ਼ ਅਮਰੀਕਾ, ਚੀਨ, ਜਾਪਾਨ ਅਤੇ ਜਰਮਨੀ ਉਸ ਤੋਂ ਅੱਗੇ ਹਨ। ਇਕ ਦਹਾਕਾ ਪਹਿਲਾਂ ਤੱਕ ਭਾਰਤ ਵੱਡੀਆਂ ਅਰਥਵਿਵਸਥਾਵਾਂ ਦੇ ਲਿਹਾਜ਼ ਨਾਲ 11ਵੇਂ ਸਥਾਨ ’ਤੇ ਸੀ, ਜਦਕਿ ਬ੍ਰਿਟੇਨ ਪੰਜਵੇਂ ਸਥਾਨ ’ਤੇ ਸੀ ਪਰ ਅਪ੍ਰੈਲ-ਜੂਨ ਤਿਮਾਹੀ ’ਚ ਭਾਰਤੀ ਅਰਥਵਿਵਸਥਾ ’ਚ ਰਿਕਾਰਡ ਵਾਧਾ ਹੋਣ ਨਾਲ ਇਹ ਬ੍ਰਿਟੇਨ ਨੂੰ ਪਛਾੜ ਕੇ ਛੇਵੇਂ ਸਥਾਨ ’ਤੇ ਖਿਸਕ ਗਿਆ ਹੈ।