ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਕੋਰਟ ਕੰਪਲੈਕਸ ਦੇ ਬਖਸ਼ੀਖਾਨੇ ‘ਚ ਗੋਲ਼ੀ ਚੱਲਣ ਨਾਲ ਏ.ਐੱਸ.ਆਈ. ਦੀ ਮੌਤ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮੁਕਤਸਰ ਪੁਲਸ ਲਾਈਨ ਵਿਚ ਹਾਜ਼ਰ ਏ.ਐੱਸ.ਆਈ. ਕੁਲਵਿੰਦਰ ਸਿੰਘ ਕੈਦੀਆਂ ਦੀ ਪੇਸ਼ੀ ਲਈ ਉਨ੍ਹਾਂ ਨੂੰ ਮਾਣਯੋਗ ਅਦਾਲਤ ਵਿਚ ਲੈ ਕੇ ਆਇਆ ਸੀ। ਜਿੱਥੇ ਗੋਲ਼ੀ ਲੱਗਣ ਕਾਰਨ ਉਸਦੀ ਮੌਤ ਹੋ ਗਈ। ਘਟਨਾ ਸੰਬੰਧੀ ਪਤਾ ਲੱਗਣ ‘ਤੇ ਐੱਸ.ਪੀ ਕੁਲਵੰਤ ਰਾਏ, ਡੀ.ਐੱਸ.ਪੀ. ਜਗਦੀਸ਼ ਕੁਮਾਰ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ।
ਗੱਲਬਾਤ ਕਰਦਿਆਂ ਡੀ.ਐੱਸ.ਪੀ. ਜਗਦੀਸ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਏ.ਐੱਸ.ਆਈ. ਕੁਲਵਿੰਦਰ ਸਿੰਘ ਪੁਲਸ ਲਾਈਨ ‘ਚ ਡਿਊਟੀ ‘ਤੇ ਸੀ। ਅੱਜ ਸਵੇਰੇ ਉਹ ਕੈਦੀਆਂ ਨੂੰ ਪੇਸ਼ੀ ਭੁਗਤਣ ਲਈ ਮਾਣਯੋਗ ਅਦਾਲਤ ‘ਚ ਲੈ ਕੇ ਆਇਆ ਸੀ। ਇਸ ਦੌਰਾਨ ਉਸ ਦੇ ਸਾਥੀ ਮੁਲਾਜ਼ਮ ਕਾਗਜ਼ੀ ਕਾਰਵਾਈ ਕਰ ਰਹੀ ਸੀ। ਜਿਸ ਤੋਂ ਬਾਅਦ ਅਚਾਨਕ ਏ.ਐੱਸ.ਆਈ. ਦੀ ਸਰਵਿਸ ਕਰਾਬਾਈਨ ‘ਚੋਂ ਗੋਲ਼ੀ ਚੱਲ ਗਈ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।