ਇਸਲਾਮਾਬਾਦ- ਇਸਲਾਮਾਬਾਦ ਹਾਈਕੋਰਟ ਨੇ ਫੌਜ ਖਿਲਾਫ ਬਿਆਨਬਾਜ਼ੀ ਸਬੰਧੀ ਸੋਮਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਫਟਕਾਰ ਲਗਾਈ ਅਤੇ ਕਿਹਾ ਕਿ ਦੇਸ਼ ਵਿਚ ਜਾਰੀ ਸੱਤਾ ਦੀ ਹੋੜ ਲਈ ਸਭ ਕੁਝ ਦਾਅ ’ਤੇ ਨਹੀਂ ਲਗਾਇਆ ਜਾ ਸਕਦਾ। ਅਦਾਲਤ ਨੇ ਚਿਤਾਵਨੀ ਦਿੱਤੀ ਕਿ ਖਾਨ ਦੀ ਬਿਆਨਬਾਜ਼ੀ ਕਾਰਨ ਉਨ੍ਹਾਂ ਦੇ ਪ੍ਰਗਟਾਵੇ ਦਾ ਅਧਿਕਾਰ ਨੂੰ ਸੰਵਿਧਾਨ ਦੇ ਤਹਿਤ ਬਰਕਰਾਰ ਰੱਖਣਾ ਸੰਭਵ ਨਹੀਂ ਹੋ ਸਕੇਗਾ।
ਇਸਲਾਮਾਬਾਦ ਹਾਈਕੋਰਟ ਦੇ ਮੁੱਖ ਜੱਜ ਅਤਹਰ ਮਿਨਲਾਹ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਪਾਰਟੀ ਪ੍ਰਧਾਨ ਦੇ ਭਾਸ਼ਣਾਂ ਦੇ ਲਾਈਵ ਪ੍ਰਸਾਰਣ ’ਤੇ ਪਾਬੰਦੀ ਲਗਾਉਣ ਦੇ ਪਾਕਿਸਤਾਨ ਇਲੈਕਟ੍ਰਾਨਿਕ ਮੀਡੀਆ ਰੈਗੂਲੇਟਰ ਅਥਾਰਿਟੀ (ਪੀ. ਈ. ਐੱਮ. ਆਰ. ਏ.) ਦੇ ਹੁਕਮਾਂ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਇਹ ਟਿੱਪਣੀ ਕੀਤੀ। ਜੱਜ ਮਿਨਲਾਹ ਐਤਵਾਰ ਨੂੰ ਇਕ ਜਨਤਕ ਰੈਲੀ ਵਿਚ ਖਾਨ ਦੀ ਟਿੱਪਣੀ ਤੋਂ ਨਾਰਾਜ਼ ਸਨ ਜਿਸਦੇ ਲਈ ਸਰਕਾਰ ਪਹਿਲਾਂ ਹੀ ਉਨ੍ਹਾਂ ਦੀ ਆਲੋਚਨਾ ਕਰ ਚੁੱਕੀ ਹੈ। ਫੌਜ ਨੇ ਵੀ ਟਿੱਪਣੀ ’ਤੇ ਨਾਰਾਜ਼ਗੀ ਪ੍ਰਗਟ ਕਰਦੇ ਹੋਏ ਇਸਨੂੰ ਹੈਰਾਨ ਕਰਨ ਵਾਲਾ ਕਰਾਰ ਦਿੱਤਾ।
ਖਾਨ ਨੇ ਐਤਵਾਰ ਨੂੰ ਫੈਸਲਾਬਾਦ ਵਿਚ ਇਕ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ ਕਿ ਸਰਕਾਰ ਆਪਣੀ ਪਸੰਦ ਦਾ ਫੌਜ ਮੁਖੀ ਨਿਯੁਕਤ ਕਰਨ ਲਈ ਚੋਣ ਵਿਚ ਦੇਰ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਸੀ ਕਿ ਆਸਿਫ ਅਲੀ ਜ਼ਰਦਾਰੀ ਅਤੇ ਨਵਾਜ਼ ਸ਼ਰੀਫ ਆਪਣੀ ਪਸੰਦ ਦਾ ਅਗਲੀ ਫੌਜ ਮੁਖੀ ਨਿਯੁਕਤ ਕਰਨਾ ਚਾਹੁੰਦੇ ਹਨ ਕਿਉਂਕਿ ਉਨ੍ਹਾਂ ਨੇ ਜਨਤਾ ਦਾ ਪੈਸਾ ਚੋਰੀ ਕੀਤਾ ਹੈ। ਖਾਨ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਡਰ ਹੈ ਕਿ ਜਦੋਂ ਦੇਸ਼ਭਗਤ ਫੌਜ ਮੁਖੀ ਆਏਗਾ ਤਾਂ ਉਹ ਉਨ੍ਹਾਂ ਤੋਂ ਉਨ੍ਹਾਂ ਵਲੋਂ ਕੀਤੀ ਗਈ ਲੁੱਟ ਬਾਰੇ ਪੁੱਛੇਗਾ। ਜੱਜ ਨੇ ਫੈਸਲਾਬਾਦ ਦੀ ਰੈਲੀ ਵਿਚ ਕੀਤੀ ਗਈ ਖਾਨ ਦੀਆਂ ਟਿੱਪਣੀਆਂ ਬਾਰੇ ਪੁੱਛਿਆ-ਤੁਸੀਂ ਜਨਤਕ ਤੌਰ ’ਤੇ ਕਿਵੇਂ ਕਹਿ ਸਕਦੇ ਹੋ ਕਿ ਕੋਈ ਫੌਜ ਮੁਖੀ ਦੇਸ਼ਭਗਤ ਹੈ ਜਾਂ ਨਹੀਂ? ਜੱਜ ਮਿਨਲਾਹ ਨੇ ਕਿਹਾ ਕਿ ਹਥਿਆਰਬੰਦ ਫੋਰਸ ਦੇ ਜਵਾਨ ਸ਼ਹੀਦ ਹੋ ਰਹੇ ਹਨ ਅਤੇ ਤੁਸੀਂ (ਇਮਰਾਨ ਖਾਨ) ਉਨ੍ਹਾਂ ਦਾ ਹੌਂਸਲਾ ਡਿਗਾ ਰਹੇ ਹਨ।