ਨਵੀਂ ਦਿੱਲੀ- ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਸੀ. ਬੀ. ਆਈ. ਦੇ ਇਕ ਅਧਿਕਾਰੀ ਨੇ ਇਸ ਲਈ ਖ਼ੁਦਕੁਸ਼ੀ ਕਰ ਲਈ ਕਿਉਂਕਿ ਉਸ ’ਤੇ ਉਨ੍ਹਾਂ ਨੂੰ ਝੂਠੇ ਆਬਕਾਰੀ ਮਾਮਲੇ ’ਚ ਫਸਾਉਣ ਲਈ ਦਬਾਅ ਪਾਇਆ ਗਿਆ ਸੀ। ਸਿਸੋਦੀਆ ਨੇ ਪ੍ਰਧਾਨ ਮੰਤਰੀ ਮੋਦੀ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਉਹ ਸਿਰਫ਼ ਵਿਧਾਇਕਾਂ ਦੀ ਖਰੀਦ-ਫਰੋਖ਼ਤ ਕਰ ਕੇ ਗੈਰ-ਭਾਜਪਾ ਸੂਬਿਆਂ ’ਚ ਸਰਕਾਰਾਂ ਨੂੰ ਅਸਥਿਰ ਕਰਨ ਬਾਰੇ ਸੋਚਦੇ ਹਨ।
ਸਿਸੋਦੀਆ ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਦੋਸ਼ ਲਾਇਆ ਕਿ ਸੀ. ਬੀ. ਆਈ. ਦੇ ਇਕ ਅਧਿਕਾਰੀ ’ਤੇ ਮੈਨੂੰ ਝੂਠੇ ਆਬਕਾਰੀ ਮਾਮਲੇ ’ਚ ਫਸਾਉਣ ਲਈ ਦਬਾਅ ਪਾਇਆ ਗਿਆ। ਉਹ ਮਾਨਸਿਕ ਦਬਾਅ ਨਹੀਂ ਝੱਲ ਸਕਿਆ ਅਤੇ ਦੋ ਦਿਨ ਪਹਿਲਾਂ ਖ਼ੁਦਕੁਸ਼ੀ ਕਰ ਲਈ। ਇਹ ਅਸਲ ’ਚ ਬਦਕਿਸਮਤੀਪੂਰਨ ਹੈ, ਮੈਂ ਬਹੁਤ ਦੁਖੀ ਹਾਂ। ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨੂੰ ਪੁੱਛਣਾ ਚਾਹੁੰਦਾ ਹੈ ਕਿ ਅਧਿਕਾਰੀਆਂ ’ਤੇ ਇੰਨਾ ਦਬਾਅ ਕਿਉਂ ਪਾਇਆ ਜਾ ਰਿਹਾ ਹੈ, ਉਹ ਇੰਨਾ ਵੱਡਾ ਕਦਮ ਚੁੱਕਣ ਲਈ ਮਜ਼ਬੂਰ ਹੋ ਰਹੇ ਹਨ? ਤੁਸੀਂ ਚਾਹੋ ਤਾਂ ਮੈਨੂੰ ਗ੍ਰਿਫ਼ਤਾਰ ਕਰ ਲਓ ਪਰ ਆਪਣੇ ਅਧਿਕਾਰੀਆਂ ਦੇ ਪਰਿਵਾਰਾਂ ਨੂੰ ਬਰਬਾਦ ਨਾ ਕਰੋ। ਉਨ੍ਹਾਂ ਨੇ ਮੋਦੀ ਜੀ ਨੂੰ ਇਹ ਵੀ ਸਵਾਲ ਕੀਤਾ ਕਿ ਕੀ ਕੇਂਦਰ ਕੋਲ ਸਿਰਫ ‘ਆਪਰੇਸ਼ਨ ਲੋਟਸ’ ਦਾ ਹੀ ਕੰਮ ਹੈ?
ਦੱਸ ਦੇਈਏ ਕਿ ਸੀ. ਬੀ. ਆਈ. ਨੇ ਪਿਛਲੇ ਸਾਲ ਨਵੰਬਰ ’ਚ ਲਿਆਂਦੀ ਗਈ ਦਿੱਲੀ ਆਬਕਾਰੀ ਨੀਤੀ ਤਿਆਰ ਕਰਨ ਅਤੇ ਲਾਗੂ ਕਰਨ ’ਚ ਕਥਿਤ ਬੇਨਿਯਮੀਆਂ ਦੀ ਜਾਂਚ ਲਈ ਐੱਫ. ਆਈ. ਆਰ. ਦਰਜ ਕਰਨ ਮਗਰੋਂ ਪਿਛਲੇ ਮਹੀਨੇ ਸਿਸੋਦੀਆ ਦੇ ਦਿੱਲੀ ਸਥਿਤ ਰਿਹਾਇਸ਼ ’ਤੇ ਛਾਪਾ ਮਾਰਿਆ ਸੀ।