ਅੰਮ੍ਰਿਤਸਰ – ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਗੁਰੂ ਘਰ ਦਾ ਅਸ਼ੀਰਵਾਦ ਲੈਣ ਤੋਂ ਬਾਅਦ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਮਜੀਠੀਆ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਇੱਕ ਪਰਿਵਾਰ ਇੱਕ ਉਮੀਦਵਾਰ ਵਾਲੇ ਫ਼ੈਸਲੇ ਦਾ ਉਹ ਸਵਾਗਤ ਕਰਦੇ ਹਨ।
ਇਸ ਮੌਕੇ ਉਨ੍ਹਾਂ ਨੇ ਆਪਣੇ ਹੀ ਅੰਦਾਜ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਤੰਜ ਕਸਦੇ ਹੋਏ ਕਿਹਾ ਕਿ ਛੱਲਾ ਮੁੜਕੇ ਨਹੀਂ ਆਇਆ? ਜਦੋਂ ਵੀ ਚੰਨੀ ਵਾਪਿਸ ਆਏਗਾ ਤਾਂ ਵੀਡੀਓ ਜ਼ਰੂਰ ਜਨਤਕ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਦਿੱਲੀ ਦੇ ਇਸ਼ਾਰੇ ’ਤੇ ਚਲਦੀ ਹੈ ਅਤੇ ਐਕਸਾਈਜ਼ ਪਾਲਿਸੀ ਇੱਕ ਵੱਡਾ ਘਪਲਾ ਹੈ। ਜੇਕਰ ਦਿੱਲੀ ਵਿੱਚ ਐਕਸਾਈਜ਼ ਪਾਲਿਸੀ ਵਿੱਚ ਘਪਲਾ ਹੋਇਆ ਹੈ ਤਾਂ ਪੰਜਾਬ ਦੀ ਪਾਲਿਸੀ ਵੀ ਦਿੱਲੀ ਵਾਲਿਆ ਨੇ ਜਾਰੀ ਕੀਤੀ ਹੈ। ਇਸੇ ਲਈ ਇਸ ਘਪਲੇ ਦੀ ਜਾਂਚ ਹੋਣੀ ਚਾਹੀਦੀ ਹੈ।
ਬਿਕਰਮ ਮਜੀਠੀਆ ਨੇ ਕਿਹਾ ਕਿ ਮਾਨ ਸਰਕਾਰ ਨੇ ਡਾਂਗਾਂ ਮਾਰ-ਮਾਰ ਕੇ ਬੇਰੁਜ਼ਗਾਰਾਂ ਦਾ ਸਰੀਰ ਹੀ ਪੱਕਿਆਂ ਕਰਨਾ ਹੈ ਅਤੇ ਨੌਕਰੀਆਂ ਪੱਕੀਆਂ ਨਹੀਂ ਦੇਣੀਆਂ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਪਹਿਲਾ ਪੰਜਾਬ ਦੇ ਲੋਕਾਂ ਨੂੰ ਕੀਤੇ ਵਾਅਦੇ ਪੂਰੇ ਕਰਨ ਫਿਰ ਹਿਮਾਚਲ ’ਚ ਜਾ ਕੇ ਹੋਰ ਵਾਅਦੇ ਕਰਨ। ਮਜੀਠੀਆ ਨੇ ਕੇਜਰੀਵਾਲ ਨੂੰ ਸਲਾਹ ਦਿੱਤੀ ਕਿ ਕੇਜਰੀਵਾਲ ਪੰਜਾਬ ਦੇ ਪੈਸੇ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਦੀਆਂ ਚੋਣਾਂ ’ਤੇ ਨਾ ਖ਼ਰਚ ਕਰਨ।