ਪਟਨਾ – ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭ੍ਰਿਸ਼ਟ ਲੋਕਾਂ ਨੂੰ ਬਚਾਉਣ ਲਈ ਧਰੁਵੀਕਰਨ ਦਾ ਮਜ਼ਾਕ ਉਡਾਉਣ ’ਤੇ ਨਿਸ਼ਾਨਾ ਵਿਨ੍ਹਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਯਾਦ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਕੇਂਦਰ ਵਿੱਚ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵੇਲੇ ਮੰਤਰੀ ਸਨ।
ਪਿਛਲੇ ਮਹੀਨੇ ਭਾਜਪਾ ਨਾਲ ਗਠਜੋੜ ਟੁੱਟਣ ਤੋਂ ਬਾਅਦ ਨਿਤੀਸ਼ ਦੇ ਰਾਸ਼ਟਰੀ ਰਾਜਨੀਤੀ ’ਚ ਆਉਣ ਦੀ ਚਰਚਾ ਤੇਜ਼ ਹੋ ਗਈ ਹੈ ਪਰ ਉਨ੍ਹਾਂ ਇਕ ਵਾਰ ਫਿਰ ਕਿਹਾ ਹੈ ਕਿ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ ’ਚ ਨਹੀਂ ਹਨ। ਕੇਂਦਰ ਦੀ ਰਾਜਨੀਤੀ ਵਿੱਚ ਆਪਣੀ ਭੂਮਿਕਾ ਬਾਰੇ ਜਨਤਾ ਦਲ (ਯੂ) ਦੇ ਹੈੱਡਕੁਆਰਟਰ ਵਿੱਚ ਪੱਤਰਕਾਰਾਂ ਦੇ ਸਵਾਲ ਦੇ ਜਵਾਬ ਵਿੱਚ ਨਿਤੀਸ਼ ਦਾ ਜਵਾਬ ਸੀ, ‘ਛੋੜੋ ਯੇ ਸਭ ਬਾਤੇਂ।’
ਇਸ ਦੇ ਨਾਲ ਹੀ ਪਾਰਟੀ ਦੇ ਹੈੱਡਕੁਆਰਟਰ ’ਤੇ ਲਾਏ ਗਏ ਕੁਝ ਵੱਡੇ ਪੋਸਟਰਾਂ ’ਤੇ ਲਿਖਿਆ ਹੈ, ‘ਪ੍ਰਦੇਸ਼ ਮੈਂ ਦਿਖਾ, ਦੇਸ਼ ਮੇਂ ਦਿਖੇਗਾ।’ ਇਨ੍ਹਾਂ ਨਾਅਰਿਆਂ ਤੋਂ ਵੱਖ-ਵੱਖ ਅਰਥ ਕੱਢੇ ਜਾ ਸਕਦੇ ਹਨ। ਪਾਰਟੀ ਦੇ ਸੂਬਾਈ ਅਹੁਦੇਦਾਰਾਂ ਦੀ ਮੀਟਿੰਗ ਤੋਂ ਕੁਝ ਘੰਟੇ ਪਹਿਲਾਂ ਪਾਰਟੀ ਹੈੱਡਕੁਆਰਟਰ ਪੁੱਜੇ ਨਿਤੀਸ਼ ਨੇ ਕਿਹਾ ਕਿ ਉਹ ਸ਼ਨੀਵਾਰ ਨੂੰ ਹੋਣ ਵਾਲੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਅਤੇ ਉਸ ਤੋਂ ਇੱਕ ਇਕ ਦਿਨ ਬਾਅਦ ਹੋਣ ਵਾਲੀ ਰਾਸ਼ਟਰੀ ਪ੍ਰੀਸ਼ਦ ਦੀਆਂ ਤਿਆਰੀਆਂ ਦੇਖਣ ਆਏ ਹਨ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਤੋਂ ਨੁਮਾਇੰਦੇ ਆ ਰਹੇ ਹਨ। ਮੈਂ ਅਗਲੇ ਦੋ ਦਿਨਾਂ ਲਈ ਇੱਥੇ ਪੂਰਾ ਸਮਾਂ ਰਹਾਂਗਾ।