ਜਬਰ-ਜ਼ਿਨਾਹ ਦੇ ਦੋਸ਼ੀਆਂ ਨੂੰ ਹੁਣ ਰਹਿਣਾ ਪੈ ਸਕਦੈ ਆਖਰੀ ਸਾਹ ਤੱਕ ਜੇਲ੍ਹ ’ਚ

ਭੋਪਾਲ – ਉਮਰ ਕੈਦ ਦੀ ਮਿਆਦ ਤੈਅ ਕਰਨ ਲਈ ਮੱਧ ਪ੍ਰਦੇਸ਼ ਸਰਕਾਰ ਦੀ ਪ੍ਰਸਤਾਵਿਤ ਨੀਤੀ ’ਚ ਨਾਬਾਲਗ ਨਾਲ ਜਬਰ-ਜ਼ਿਨਾਹ ਅਤੇ ਸਮੂਹਿਕ ਜਬਰ-ਜ਼ਿਨਾਹ, ਅੱਤਵਾਦ ਅਤੇ ਨਸ਼ੀਲੇ ਪਦਾਰਥਾਂ ਦੇ ਨਾਜਾਇਜ਼ ਧੰਦੇ ’ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਕੈਦੀਆਂ ਨੂੰ ਹੁਣ ਆਖ਼ਰੀ ਸਾਹ ਤੱਕ ਜੇਲ੍ਹ ’ਚ ਰਹਿਣਾ ਹੋਵੇਗਾ। ਮੱਧ ਪ੍ਰਦੇਸ਼ ਦੇ ਲੋਕ ਸੰਪਰਕ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਪ੍ਰਧਾਨਗੀ ’ਚ ਮੰਤਰਾਲਾ ’ਚ ਵੱਖ-ਵੱਖ ਕਾਨੂੰਨਾਂ ’ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਕੈਦੀਆਂ ਦੀ ਰਿਹਾਈ ਦੀ ਮਿਆਦ ਲਈ ਪ੍ਰਸਤਾਵਿਤ ਨੀਤੀ 2022 ’ਤੇ ਚਰਚਾ ਹੋਈ। ਜ਼ਿਕਰਯੋਗ ਹੈ ਕਿ ਮੌਜੂਦਾ ’ਚ ਸੂਬੇ ’ਚ ਸਾਲ 2012 ਦੀ ਨੀਤੀ ਲਾਗੂ ਹੈ।
ਇਸ ਵੇਲੇ ਸੂਬੇ ਦੀਆਂ 131 ਜੇਲ੍ਹਾਂ ’ਚ 12,000 ਤੋਂ ਵੱਧ ਕੈਦੀ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ। ਉਨ੍ਹਾਂ ਕਿਹਾ ਕਿ ਉਮਰ ਕੈਦ ਦੀ ਸਜ਼ਾ ਪ੍ਰਾਪਤ ਕੈਦੀਆਂ ਦੇ ਸਬੰਧ ਵਿਚ ਨਵੀਂ ਨੀਤੀ ਤਿਆਰ ਕੀਤੀ ਗਈ ਹੈ, ਉਸ ’ਚ ਘਿਨਾਉਣੇ ਅਪਰਾਧ ਕਰਨ ਵਾਲੇ ਦੋਸ਼ੀਆਂ ਨੂੰ ਕੋਈ ਰਾਹਤ ਨਹੀਂ ਮਿਲੇਗੀ। ਅੱਤਵਾਦੀ ਗਤੀਵਿਧੀਆਂ ਅਤੇ ਨਾਬਾਲਗਾਂ ਨਾਲ ਜਬਰ-ਜ਼ਿਨਾਹ ਕਰਨ ਵਾਲੇ ਦੋਸ਼ੀਆਂ ਦੀ ਕੈਦ 14 ਸਾਲਾਂ ’ਚ ਖ਼ਤਮ ਨਹੀਂ ਹੋਵੇਗੀ।