ਚੰਡੀਗੜ੍ਹ : ਚੰਡੀਗੜ੍ਹ ਪੀ. ਜੀ. ਆਈ. ਨੇ ਮਰੀਜ਼ਾਂ ਨੂੰ ਵੱਡਾ ਝਟਕਾ ਦਿੰਦੇ ਹੋਏ ਪ੍ਰਾਈਵੇਟ ਕਮਰਿਆਂ ਦਾ ਕਿਰਾਇਆ ਦੁੱਗਣਾ ਕਰ ਦਿੱਤਾ ਹੈ। ਪੀ. ਜੀ. ਆਈ. ਵੱਲੋਂ ਪ੍ਰਾਈਵੇਟ ਕਮਰਿਆਂ ਦਾ ਕਿਰਾਇਆ 9 ਸਾਲਾਂ ਬਾਅਦ ਵਧਾਇਆ ਗਿਆ ਹੈ। ਹੁਣ ਪੀ. ਜੀ. ਆਈ. ‘ਚ ਪ੍ਰਾਈਵੇਟ ਕਮਰੇ ਦਾ ਕਿਰਾਇਆ 3500 ਹੋ ਗਿਆ ਹੈ, ਜੋ ਕਿ ਪਹਿਲਾਂ 1900 ਰੁਪਏ ਸੀ। ਇਸ ਦੇ ਨਾਲ ਹੀ ਵੀ. ਆਈ. ਪੀ. ਕਮਰੇ ਦਾ ਕਿਰਇਆ 3400 ਰੁਪਏ ਤੋਂ ਵਧਾ ਕੇ 6500 ਰੁਪਏ ਪ੍ਰਤੀ ਦਿਨ ਕਰ ਦਿੱਤਾ ਹੈ।
ਇਸ ‘ਚ ਡਾਈਟ ਅਤੇ ਲੈਬ ਚਾਰਜਿਸ ਵੀ ਸ਼ਾਮਲ ਹਨ। ਇਸ ਬਾਰੇ ਪੀ. ਜੀ. ਆਈ. ਦੀ ਹਸਪਤਾਲ ਚਾਰਜਿਸ ਕਮੇਟੀ ਨੇ ਫਰਵਰੀ ਮਹੀਨੇ ‘ਚ ਫ਼ੈਸਲਾ ਲੈ ਲਿਆ ਸੀ ਪਰ ਇਸ ਨੂੰ ਹੁਣ ਲਾਗੂ ਕੀਤਾ ਗਿਆ ਹੈ।
ਸਾਲ 2013 ‘ਚ ਪ੍ਰਾਈਵੇਟ ਕਮਰੇ ਦਾ ਕਿਰਾਇਆ 950 ਰੁਪਏ ਤੋਂ ਵਧਾ ਕੇ 1900 ਰੁਪਏ ਕੀਤਾ ਗਿਆ ਸੀ। ਇਸ ਦੇ ਨਾਲ ਹੀ ਵੀ. ਆਈ. ਪੀ. ਕਮਰੇ ਦਾ ਕਿਰਾਇਆ 1500 ਤੋਂ ਵਧਾ ਕੇ 3000 ਰੁਪਏ ਕੀਤਾ ਗਿਆ ਸੀ। ਪਹਿਲਾਂ ਇਸ ‘ਚ ਡਾਈਟ ਅਤੇ ਲੈਬ ਚਾਰਜਿਸ ਸ਼ਾਮਲ ਨਹੀਂ ਸਨ।