ਬੌਲੀਵੁਡ ਅਦਾਕਾਰ ਕਾਰਤਿਕ ਆਰੀਅਨ ਅਤੇ ਅਦਾਕਾਰਾ ਕਿਆਰਾ ਅਡਵਾਨੀ ਦੀ ਫ਼ਿਲਮ ਸਤਿਆਪ੍ਰੇਮ ਕੀ ਕਥਾ ਅਗਲੇ ਵਰ੍ਹੇ 29 ਜੂਨ ਨੂੰ ਵਿਸ਼ਵ ਭਰ ਦੇ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ। ਫ਼ਿਲਮ ਦਾ ਨਿਰਮਾਣ ਕਰਨ ਵਾਲੀ ਕੰਪਨੀ ਨਾਡਿਆਡਵਾਲਾ ਗ੍ਰੈਂਡਸਨ ਐਂਟਰਟੇਨਮੈਂਟ ਨੇ ਟਵਿਟਰ ‘ਤੇ ਫ਼ਿਲਮ ਰਿਲੀਜ਼ ਹੋਣ ਸਬੰਧੀ ਜਾਣਕਾਰੀ ਦਿੱਤੀ ਹੈ। ਕੰਪਨੀ ਨੇ ਟਵੀਟ ਕਰਦਿਆਂ ਆਖਿਆ, ”29 ਜੂਨ 2023 ਨੂੰ ਤੁਹਾਡੇ ਨੇੜਲੇ ਸਿਨੇਮਾਂ ਘਰਾਂ ਵਿੱਚ ਦੁਨੀਆਂ ਦੀ ਇੱਕ ਸੰਗੀਤਕ ਪ੍ਰੇਮ ਕਹਾਣੀ ਦੇਖੋ।”ਇਹ ਫ਼ਿਲਮ ਕੌਮੀ ਪੁਰਸਕਾਰ ਜੇਤੂ ਫ਼ਿਲਮਸਾਜ਼ ਸਮੀਰ ਵਿਦਵਾਨਜ਼ ਵਲੋਂ ਨਿਰਦੇਸ਼ਿਤ ਕੀਤੀ ਗਈ ਹੈ ਜਿਸ ਨੇ 2019 ਵਿੱਚ ਇੱਕ ਮਰਾਠੀ ਫ਼ਿਲਮ ਆਨੰਦੀ ਗੋਪਾਲ ਬਣਾਈ ਸੀ। ਸਤਿਆਪ੍ਰੇਮ ਕੀ ਕਥਾ ਦਾ ਨਿਰਮਾਣ ਨਮਾਹ ਪ੍ਰੋਡਕਸ਼ਨਜ਼ ਅਤੇ ਸਾਜਿਦ ਨਾਡਿਆਡਵਾਲਾ ਵਲੋਂ ਕੀਤਾ ਗਿਆ ਹੈ। ਇਸ ਫ਼ਿਲਮ ‘ਚ ਕਾਰਤਿਕ ਅਤੇ ਅਡਵਾਨੀ ਮੁੜ ਇਕੱਠਿਆ ਕੰਮ ਕਰ ਰਹੇ ਹਨ।