ਡਾ ਦੇਵਿੰਦਰ ਮਹਿੰਦਰੂ
ਅਸੀਂ ਪੇਂਡੂ ਨੀ ਦਿਲਾਂ ਦੇ ਮਾੜੇ
ਕੁੱਝ ਜ਼ਰੂਰੀ ਗੱਲਾਂ ਰਹਿ ਹੀ ਗੀਆਂ ਚੰਡੀਗੜ੍ਹ ਸ਼ਹਿਰ ਵਾਲੀਏ ਕਾਲਮ ‘ਚ। ਆਓ, ਕਰ ਲੈਨੇ ਹਾਂ। ਉੱਥੇ ਦੀ ਹੈੱਡ ਕਲਰਕ ਰਾਜ, ਜਿਸ ਦੇ ਜਲਵਿਆਂ ਦੀ ਗੱਲ ਮੈਂ ਕਰ ਰਹੀ ਸੀ, ਨੇ ਅਤੇ ਮੈਂ ਜਲੰਧਰ ਰੇਡੀਓ ‘ਚ ਕਈ ਸਾਲ ਇਕੱਠੇ ਕੰਮ ਕੀਤਾ। ਸਿੱਧੀ ਜਿਹੀ ਸਾਦੀ ਕੁੜੀ। ਵਿਆਹ ਚੰਗੇ ਘਰ ‘ਚ ਹੋਇਆ। ਮੁੰਡਾ ਚੰਡੀਗੜ੍ਹ ਰਹਿੰਦਾ ਸੀ, ਪੂਰੇ ਰੱਜੇ ਪੁੱਜੇ ਅਤੇ ਠੀਕ ਠਾਕ। ਰਾਜ ਨੇ ਚੰਡੀਗੜ੍ਹ ਦੀ ਬਦਲੀ ਲਈ ਅਰਜ਼ੀ ਭੇਜੀ। ਵਿਆਹ ਹੋ ਗਿਆ। ਉਹਨੇ ਕਿਰਾਏ ‘ਤੇ ਲਿਆ ਹੋਇਆ ਕਮਰਾ ਛੱਡ ਦਿੱਤਾ, ਪਰ ਆਰਡਰ ਤਾਂ ਅਜੇ ਆਏ ਹੀ ਨਹੀਂ ਸਨ ਉਹਦੇ ਚੰਡੀਗੜ੍ਹ ਦੇ। ਰਾਜ ਨੇ ਪੁੱਛਿਆ ਕਿ ਤੇਰੇ ਨਾਲ ਰਹਿ ਲਵਾਂ ਮੈਂ? ਮੈਂ ਖ਼ੁਸ਼ੀ ਖ਼ੁਸ਼ੀ ਹਾਂ ਕਰ ਦਿੱਤੀ। ਸਾਡੀ ਦੋਸਤੀ ਹੋਰ ਗੂੜ੍ਹੀ ਹੋ ਗਈ। ਉਨ੍ਹਾਂ ਕੁੱਝ ਦਿਨਾਂ ‘ਚ ਉਹਨੇ ਆਪਣੇ ਨਵੇਂ ਨਵੇਂ ਵਿਆਹ ਦੀ ਹਰ ਗੱਲ ਮੇਰੇ ਨਾਲ ਸਾਂਝੀ ਕੀਤੀ। ਰੋਟੀ ਅਸੀਂ ਬਾਹਰ ਖਾਂਦੀਆਂ ਹੁੰਦੀਆਂ ਸਾਂ। ਕੰਮ ਕੋਈ ਹੁੰਦਾ ਨਹੀਂ ਸੀ ਦਫ਼ਤਰੋਂ ਆ ਕੇ। ਮੇਰੇ ਵਿਆਹ ਦੀ ਤਰੀਕ ਵੀ ਪੱਕੀ ਹੋ ਚੁੱਕੀ ਸੀ। ਉਹਦੀਆਂ ਗੱਲਾਂ ਰੋਮਾਂਚਕ ਲੱਗਦੀਆਂ ਸਨ ਮੈਨੂੰ।
ਜਦੋਂ ਸਟੇਸ਼ਨ ਇੰਜਨੀਅਰ ਨੇ ਮੈਨੂੰ ਜੋਆਇਨ ਕਰਵਾਉਣ ਲਈ ਰਾਜ ਨੂੰ ਆਪਣੇ ਕਮਰੇ ‘ਚ ਬੁਲਾਇਆ ਤਾਂ ਓਦੋਂ ਤੱਕ ਮੈਨੂੰ ਨਹੀਂ ਸੀ ਪਤਾ ਕਿ ਰਾਜ ਹੈਡ ਕਲਰਕ ਬਣ ਚੁੱਕੀ ਹੋਈ ਹੈ। ਉਹ ਪੂਰੇ ਨਖ਼ਰੇ ਨਾਲ ਆਈ। ਕੋਈ ਪੁਰਾਣੀ ਪਛਾਣ ਉਹਦੇ ਚਿਹਰੇ ‘ਤੇ ਮੈਨੂੰ ਨਜ਼ਰ ਨਹੀਂ ਆਈ। ਉਹ ਮੇਰੇ ਆਉਣ ‘ਤੇ ਕਿਸੇ ਦੀ ਵਿਦਾਈ ਨੂੰ ਲੈ ਕੇ ਚਿੰਤਿਤ ਸੀ। ਉਹ ਇੱਕ ਸਾਲ ‘ਚ ਜਿੰਨੀ ਵਾਰ ਮੇਰੇ ਨਾਲ ਟਕਰਾਈ, ਰੋਜ਼ ਦਾ ਕੰਮ ਸੀ, ਉਹਨੇ ਮੇਰੀ ਡਰੈੱਸ ਸੈਂਸ ‘ਤੇ ਤਨਜ਼ ਕੱਸੀ, ਬਿਨਾਂ ਇਹ ਸਮਝੇ ਕਿ ਜਦੋਂ ਮੈਂ ਸ਼ਿਮਲੇ ਤੋਂ ਸਵੇਰੇ ਪੰਜ ਵਜੇ ਆਪਣੀ ਯਾਤਰਾ ਸ਼ੁਰੂ ਕਰਦੀ ਹਾਂ, ਉੱਥੇ ਠੰਡ ਹੁੰਦੀ ਹੈ, ਅਤੇ ਜਿਸ ਦਿਨ ਮੈਂ ਚੰਡੀਗੜ੍ਹ ਤੋਂ ਵਾਪਿਸ ਚੱਲ ਕੇ ਅੱਧੀ ਰਾਤ ਨੂੰ ਸ਼ਿਮਲੇ ਪਹੁੰਚਣਾ ਹੁੰਦੈ, ਓਦੋਂ ਵੀ ਉੱਥੇ ਤਾਪਮਾਨ ਕਾਫ਼ੀ ਹੇਠਾਂ ਡਿੱਗ ਚੁੱਕਿਆ ਹੁੰਦਾ ਹੈ।”ਗਰਮੀ ਨੀ ਲੱਗਦੀ ਤੈਨੂੰ? ਮੋਟਾ ਸੂਟ ਅਤੇ ਮੋਟੇ ਬੂਟ” ਆਖ ਕੇ ਉਹ ਉੱਚੀ ਉੱਚੀ ਹੱਸਦੀ। ਮੈਂ ਵੀ ਮੁਸਕਰਾ ਛਡਦੀ ਸੁਣ ਕੇ।
ਚਲੋ ਛੱਡੋ, ਗੱਲ ਕਰਨੀ ਸੀ ਡਾ ਰਾਜ ਬਹਾਦਰ ਸਿੰਘ ਦੀ, (ਜਿਹੜੇ ਹੁਣ ਚਰਚਾ ‘ਚ ਨੇ ਸਿਹਤ ਮੰਤਰੀ ਨਾਲ ਹੋਏ ਵਿਵਾਦ ਕਾਰਣ)। ਉਨ੍ਹਾਂ ਦੀ ਹੀ ਗੱਲ ਕਰ ਰਹੀ ਹਾਂ। ਸਿਹਤ ਸੰਬੰਧੀ ਫ਼ੋਨ ਇਨ ਪ੍ਰੋਗਰਾਮ ਚੰਡੀਗੜ੍ਹ ਰੇਡੀਓ ਦਾ ਬਹੁਤ ਚਰਚਿਤ ਪ੍ਰੋਗਰਾਮ ਹੈ, ਅਤੇ ਡਾਕਟਰ ਸਾਹਿਬ ਲਗਭਗ ਹਰ ਮਹੀਨੇ ਇਹਦੇ ‘ਚ ਆਉਂਦੇ ਹੁੰਦੇ ਸੀ। ਉਹ ਆਉਂਦੇ ਤਾਂ ਸਾਰਾ ਸਟੇਸ਼ਨ ਉਨ੍ਹਾਂ ਦੇ ਅੱਗੇ ਪਿੱਛੇ ਘੁੰਮਦਾ। ਜਦੋਂ ਕਿਸੇ ਭਲੇ ਅਤੇ ਸਿਆਣੇ ਬੰਦੇ ਨੇ ਉਨ੍ਹਾਂ ਨੂੰ ਬੱਤੀ ਸੈਕਟਰ ‘ਚੋਂ ਚੁੱਕ ਕੇ ਬਾਬਾ ਫ਼ਰੀਦ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਬਣਾਇਆ ਤਾਂ ਉਸ ਕੁਰਸੀ ਦੀ ਸ਼ੋਭਾ ਵੀ ਬੜੀ ਵਧੀ, ਅਤੇ ਪੰਜਾਬ ਦੀ ਵੀ ਵਧੀ। ਹਾਂ ਜੀ, ਇਹ ਡਾਕਟਰ ਸਾਹਿਬ ਹਿਮਾਚਲ ਪ੍ਰਦੇਸ਼ ਦੇ ਨੇ। ਹੁਣ ਇਸ ਅਸੁਖਾਵੇਂ ਪ੍ਰਸੰਗ ਤੋਂ ਬਾਅਦ ਹਿਮਾਚਲ ਵਾਲਿਆਂ ਨੂੰ ਯਾਦ ਆ ਗਿਆ ਕਿ ਉਹ ਜੀ, ਇਹ ਤਾਂ ਸਾਡੇ ਬੰਦੇ ਨੇ, ਅਤੇ ਉੱਥੇ ਇੱਕ ਬਹਿਸ ਛਿੜ ਗਈ ਕਿ ਕਿਸੇ ਚੰਗੇ ਅਹੁਦੇ ਦੀ ਚੋਣ ਕਰ ਕੇ ਡਾਕਟਰ ਰਾਜ ਬਹਾਦਰ ਨੂੰ ਹਿਮਾਚਲ ਕਿਉਂ ਨਾ ਬੁਲਾ ਲਿਆ ਜਾਵੇ?
ਮੂਰਖ ਬੰਦਿਓ, ਉਹ ਇੱਕ ਰਸੂਖ਼ ਵਾਲੇ ਭਾਰਤੀ ਹਨ। ਨਿਸ਼ਕਾਮ ਸੇਵਾ ਕਰਨ ਵਾਲੇ ਨਿਮਰ, ਭਲੇ ਇਨਸਾਨ। ਉਨ੍ਹਾਂ ਨੂੰ ਤਾਂ ਕੋਈ ਵੀ ਮੁਲਕ, ਕੋਈ ਵੀ ਰਾਜ, ਆਪਣਾ ਰਾਜ ਕਹਿ ਕੇ ਮਾਣ ਮਹਿਸੂਸ ਕਰੇਗਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੁਆਫ਼ੀ ਮੰਗ ਕੇ ਇਸ ਸ਼ਰਮਿੰਦਾ ਕਰਨ ਵਾਲੇ ਘਟਨਾਕ੍ਰਮ ‘ਤੇ ਆਪਣੇ ਆਪ ਨੂੰ, ਭਲਿਆਂ ‘ਚ ਸ਼ਾਮਿਲ ਕਰ ਲਿਆ ਹੈ। ਸਮਝ ਆਉਂਦੀਆਂ ਹਨ ਉਨ੍ਹਾਂ ਦੀਆਂ ਮਜਬੂਰੀਆਂ। ਨਹੀਂ ਤਾਂ ਹੋ ਤਾਂ ਹੋਰ ਵੀ ਬਹੁਤ ਕੁੱਝ ਸਕਦਾ ਸੀ। ਇਸ ਸਾਰੇ ਮਸਲੇ ਨੂੰ ਵਧੀਆ ਤਰੀਕੇ ਨਾਲ ਸੁਲਝਾਇਆ ਜਾ ਸਕਦਾ ਸੀ।
ਵੈਸੇ ਡਾਕਟਰ ਸਾਹਿਬ ਨੂੰ ਪਹਿਲੀ ਵਾਰ ਅਹਿਸਾਸ ਹੋਇਆ ਹੋਵੇਗਾ ਕਿ ਉਨ੍ਹਾਂ ਦਾ ਇੰਨ੍ਹਾਂ ਵਰਚਸਵ ਹੈ। ਨਹੀਂ ਤਾਂ ਇੰਨੇ ਬਿਜ਼ੀ ਸ਼ੈਡਿਊਲ ‘ਚ ਉਨ੍ਹਾਂ ਨੂੰ ਕਦੋਂ ਵਕਤ ਮਿਲਿਆ ਹੋਵੇਗਾ ਇਹ ਸੋਚਣ ਲਈ ਕਿ ਉੱਨ੍ਹਾਂ ਦੇ ਦੇਸ਼ ‘ਚ ਉਨ੍ਹਾਂ ਦੀ ਕਿੰਨੀ ਬੁੱਕਤ ਹੈ।