ਬੌਲੀਵੁਡ ਅਦਾਕਾਰ ਅਜੈ ਦੇਵਗਨ ਅਤੇ ਤਬੂ ਨੇ ਆਪਣੀ ਆਉਣ ਵਾਲੀ ਫ਼ਿਲਮ ਭੋਲਾ ਦੀ ਸ਼ੂਟਿੰਗ ਦਾ ਕੰਮ ਮੁਕੰਮਲ ਕਰ ਲਿਆ ਹੈ। ਇਹ ਤਾਮਿਲ ਫ਼ਿਲਮ ਕੈਥੀ ਦਾ ਹਿੰਦੀ ਰੀਮੇਕ ਹੈ। ਤਬੂ ਨੇ ਸੋਸ਼ਲ ਮੀਡੀਆ ‘ਤੇ ਅਜੈ ਦੇਵਗਨ ਨਾਲ ਸੈੱਟ ਦੀ ਤਸਵੀਰ ਸਾਂਝੀ ਕਰਦਿਆਂ ਫ਼ਿਲਮ ਦੀ ਸ਼ੂਟਿੰਗ ਦਾ ਕੰਮ ਨਿਬੜਨ ਬਾਰੇ ਜਾਣਕਾਰੀ ਸਾਂਝੀ ਕੀਤੀ। 51 ਸਾਲਾ ਅਦਾਕਾਰਾ ਨੇ ਆਖਿਆ, ”ਦੇਖੋ ਅਸੀਂ ਇਕੱਠਿਆਂ ਨੇ ਆਪਣੀ ਨੌਵੀਂ ਫ਼ਿਲਮ ਦੀ ਸ਼ੂਟਿੰਗ ਮੁਕੰਮਲ ਕਰ ਲਈ ਹੈ।”ਜ਼ਿਕਰਯੋਗ ਹੈ ਕਿ ਇਹ ਦੋਵੇਂ ਫ਼ਿਲਮ ਵਿਜੇਪਥ, ਹਕੀਕਤ, ਤਕਸ਼ਕ, ਦ੍ਰਿਸ਼ਯਮ, ਗੋਲਮਾਲ ਅਗੇਨ ਅਤੇ ਦੇ ਦੇ ਪਿਆਰ ਦੇ ਵਿੱਚ ਵੀ ਇਕੱਠੇ ਨਜ਼ਰ ਆਏ ਸਨ। ਇਸ ਤੋਂ ਇਲਾਵਾ ਉਹ ਆਉਣ ਵਾਲੀ ਫ਼ਿਲਮ ਦ੍ਰਿਸ਼ਯਮ 2 ‘ਚ ਵੀ ਦਿਖਾਈ ਦੇਣਗੇ।
ਭੋਲਾ ਨੂੰ ਅਜੈ ਦੇਵਗਨ ਨੇ ਨਿਰਦੇਸ਼ਿਤ ਕੀਤਾ ਹੈ ਅਤੇ ਇਸ ਤੋਂ ਪਹਿਲਾਂ ਉਹ ਫ਼ਿਲਮ ਯੂ ਮੀ ਔਰ ਹਮ, ਸ਼ਿਵਾਏ ਅਤੇ ਰਨਵੇਅ 34 ਨਿਰਦੇਸ਼ਿਤ ਕਰ ਚੁੱਕੇ ਹਨ। ਤਾਮਿਲ ਫ਼ਿਲਮ ਕੈਥੀ ਨੂੰ ਕਨਗਰਾਜ ਨੇ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਸੀ ਜਿਸ ਦੀ ਕਹਾਣੀ ਇੱਕ ਅਜਿਹੇ ਕੈਦੀ ਦੁਆਲੇ ਘੁੰਮਦੀ ਹੈ ਜੋ ਜੇਲ੍ਹ ਵਿੱਚੋਂ ਰਿਹਾਅ ਹੋ ਕੇ ਪਹਿਲੀ ਵਾਰ ਆਪਣੀ ਧੀ ਨੂੰ ਮਿਲਣਾ ਚਾਹੁੰਦਾ ਹੈ, ਪਰ ਉਸ ਦੀ ਪੁਲੀਸ ਅਤੇ ਡਰੱਗ ਮਾਫ਼ੀਆ ਨਾਲ ਲੜਾਈ ਸ਼ੁਰੂ ਹੋ ਜਾਂਦੀ ਹੈ। ਇਸ ਫ਼ਿਲਮ ਵਿੱਚ ਅਜੈ ਦੇਵਗਨ ਮੁੱਖ ਭੂਮਿਕਾ ਨਿਭਾਅ ਰਿਹਾ ਹੈ।