ਕੋਲਕਾਤਾ – ਪੀ. ਐੱਮ. ਐੱਲ. ਏ. ਵਿਸ਼ੇਸ਼ ਅਦਾਲਤ ਨੇ ਗ੍ਰਿਫਤਾਰ ਕੀਤੇ ਗਏ ਪੱਛਮੀ ਬੰਗਾਲ ਦੇ ਸਾਬਕਾ ਮੰਤਰੀ ਪਾਰਥ ਚੈਟਰਜੀ ਦੀ ਜ਼ਮਾਨਤ ਅਰਜ਼ੀ ਨੂੰ ਬੁੱਧਵਾਰ ਨੂੰ ਖਾਰਿਜ ਕਰਦੇ ਹੋਏ ਉਨ੍ਹਾਂ ਨੂੰ 14 ਹੋਰ ਦਿਨਾਂ ਲਈ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ। ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ. ਐੱਮ. ਐੱਲ. ਏ.) ਅਦਾਲਤ ਨੇ ਚੈਟਰਜੀ ਦੀ ਸਹਿਯੋਗੀ ਅਰਪਿਤਾ ਮੁਖਰਜੀ ਦੀ ਨਿਆਇਕ ਹਿਰਾਸਤ ਵੀ 14 ਦਿਨਾਂ ਲਈ ਵਧਾ ਦਿੱਤੀ।
ਸਕੂਲ ਸੇਵਾ ਕਮਿਸ਼ਨ ਨਿਯੁਕਤੀ ਘਪਲੇ ਵਿਚ ਕਥਿਤ ਪੈਸੇ ਦੇ ਲੈਣ-ਦੇਣ ਦੀ ਜਾਂਚ ਕਰ ਰਹੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੀ ਅਰਜ਼ੀ ’ਤੇ ਜੱਜ ਜਿਬੋਨ ਕੁਮਾਰ ਸਾਧੂ ਨੇ ਦੋਵਾਂ ਦੀ ਨਿਆਇਕ ਹਿਰਾਸਤ 14 ਸਤੰਬਰ ਤੱਕ ਵਧਾਉਣ ਦਾ ਹੁਕਮ ਦਿੱਤਾ ਸੀ। ਅਦਾਲਤ ਨੇ ਪਹਿਲਾਂ ਵੀ ਚੈਟਰਜੀ ਦੀਆਂ ਜ਼ਮਾਨਤ ਅਰਜ਼ੀਆਂ ਨੂੰ ਖਾਰਿਜ ਕਰ ਦਿੱਤਾ ਸੀ। ਅਦਾਲਤ ਨੇ ਕਿਹਾ ਕਿ ਹਾਲਾਤ ਵਿਚ ਕੋਈ ਬਦਲਾਅ ਨਹੀਂ ਹੋਇਆ ਹੈ ਅਤੇ ਮਾਮਲੇ ਦੀ ਜਾਂਚ ਮੁੱਢਲੇ ਪੜਾਅ ਵਿਚ ਹੈ। ਜੱਜ ਸਾਧੂ ਨੇ ਈ. ਡੀ. ਨੂੰ ਸੁਧਾਰ ਗ੍ਰਹਿ ਵਿਚ ਰੱਖੇ ਗਏ ਦੋਵਾਂ ਦੋਸ਼ੀਆਂ ਕੋਲੋਂ ਪੁੱਛਗਿੱਛ ਕਰਨ ਅਤੇ ਉਨ੍ਹਾਂ ਦੇ ਬਿਆਨ ਦਰਜ ਕਰਨ ਦੀ ਇਜਾਜ਼ਤ ਦਿੱਤੀ।