ਕੋਬਰਾ ਰਾਹੀਂ ਅਦਾਕਾਰੀ ‘ਚ ਪੈਰ ਧਰੇਗਾ ਇਰਫ਼ਾਨ ਪਠਾਨ

ਕ੍ਰਿਕਟ ਖਿਡਾਰੀ ਇਰਫ਼ਾਨ ਪਠਾਨ ਨਿਰਦੇਸ਼ਕ ਅਜੈ ਗਨਾਨਮੁੱਥੂ ਦੀ ਤੇਲਗੂ ਫ਼ਿਲਮ ਕੋਬਰਾ ਰਾਹੀਂ ਅਦਾਕਾਰੀ ਵਿੱਚ ਪੈਰ ਧਰਨ ਜਾ ਰਿਹਾ ਹੈ। ਹਾਲ ਹੀ ‘ਚ ਫ਼ਿਲਮ ਦਾ ਟਰੇਲਰ ਰਿਲੀਜ਼ ਕੀਤਾ ਗਿਆ ਸੀ ਜਿਸ ਦੀ ਸਾਬਕਾ ਕ੍ਰਿਕਟ ਖਿਡਾਰੀ ਸੁਰੇਸ਼ ਰੈਨਾ ਅਤੇ ਅਦਾਕਾਰ ਸੁਨੀਲ ਸ਼ੈੱਟੀ ਵਲੋਂ ਸ਼ਲਾਘਾ ਕੀਤੀ ਗਈ। ਇਸ ਫ਼ਿਲਮ ‘ਚ ਅਦਾਕਾਰ ਵਿਕਰਮ ਅਤੇ ਸ੍ਰੀਨਿਧੀ ਸ਼ੈੱਟੀ ਮੁੱਖ ਭੂਮਿਕਾਵਾਂ ‘ਚ ਹਨ ਅਤੇ ਇਰਫ਼ਾਨ ਪਠਾਨ ਫ਼ਿਲਮ ‘ਚ ਕੋਬਰਾ ਨੂੰ ਲੱਭਣ ਵਾਲੇ ਇੱਕ ਜਾਂਚ ਅਧਿਕਾਰੀ ਦੀ ਭੂਮਿਕਾ ਨਿਭਾਅ ਰਿਹਾ ਹੈ।
ਫ਼ਿਲਮ ਦਾ ਟਰੇਲਰ ਵੇਖਣ ਮਗਰੋਂ ਸਾਬਕਾ ਖਿਡਾਰੀ ਸੁਰੇਸ਼ ਰੈਨਾ ਨੇ ਟਵਿਟਰ ‘ਤੇ ਇਰਫ਼ਾਨ ਪਠਾਨ ਨੂੰ ਅਦਾਕਾਰੀ ਦੇ ਖੇਤਰ ‘ਚ ਉਸ ਦੇ ਪਹਿਲੇ ਪ੍ਰੌਜੈਕਟ ਲਈ ਵਧਾਈ ਦਿੱਤੀ। ਰੈਨਾ ਨੇ ਆਖਿਆ, ”ਫ਼ਿਲਮ ਕੋਬਰਾ ਵਿੱਚ ਤੁਹਾਨੂੰ ਅਦਾਕਾਰੀ ਕਰਦਾ ਵੇਖ ਕੇ ਮੈਂ ਬਹੁਤ ਖ਼ੁਸ਼ ਹਾਂ ਇਰਫ਼ਾਨ ਪਠਾਨ। ਇਹ ਇੱਕ ਮੁਕੰਮਲ ਐਕਸ਼ਨ ਫ਼ਿਲਮ ਹੈ। ਮੇਰੇ ਵਲੋਂ ਤੁਹਾਨੂੰ ਅਤੇ ਤੁਹਾਡੀ ਪੂਰੀ ਟੀਮ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ।”ਰੈਨਾ ਦੇ ਨਾਲ-ਨਾਲ ਅਦਾਕਾਰ ਸੁਨੀਲ ਸ਼ੈੱਟੀ ਨੇ ਵੀ ਟਵਿਟਰ ਰਾਹੀਂ ਇਰਫ਼ਾਨ ਖ਼ਾਨ ਨੂੰ ਵਧਾਈ ਦਿੱਤੀ ਹੈ ਅਤੇ ਆਖਿਆ, ”ਸਹੀ ਮਾਅਨਿਆਂ ਵਿੱਚ ਹਰਫ਼ਨਮੌਲਾ ਇਰਫ਼ਾਨ ਪਠਾਨ। ਤੁਹਾਨੂੰ, ਵਿਕਰਮ ਅਤੇ ਫ਼ਿਲਮ ਦੇ ਸਾਰੇ ਅਮਲੇ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ।”ਜ਼ਿਕਰਯੋਗ ਹੈ ਕਿ ਇਹ ਫ਼ਿਲਮ ਵਿਸ਼ਵ ਪੱਧਰ ‘ਤੇ 31 ਅਗਸਤ ਨੂੰ ਰਿਲੀਜ਼ ਹੋਵੇਗੀ।