ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1457

ਨਿਆਣੇ ਕਈ ਵਾਰ ਜਾਣਬੁੱਝ ਕੇ ਇੱਕ ਦੂਸਰੇ ਨੂੰ ਘਿਨੌਣੇ ਨਾਮਾਂ ਨਾਲ ਪੁਕਾਰਦੇ ਹਨ। ਉਹ ਅਜਿਹੇ ਮੂੰਹ ਬਣਾਉਂਦੇ ਅਤੇ ਲਹਿਜੇ ਵਰਤਦੇ ਨੇ ਜਿਨ੍ਹਾਂ ਦਾ ਮਕਸਦ ਜਾਣਬੁੱਝ ਕੇ ਦੂਸਰੇ ਨੂੰ ਚੋਭ ਲਗਾਉਣਾ, ਚਿੜਾਉਣਾ ਅਤੇ ਉਕਸਾਉਣਾ ਹੁੰਦੈ। ਪਰ ਨਿਆਣਿਆਂ ਦਾ ਭੜਕਾਊ ਹੋਣਾ ਚੱਲ ਜਾਂਦੈ ਕਿਉਂਕਿ ਉਨ੍ਹਾਂ ਨੂੰ ਮੁਆਫ਼ ਕਰਨ ਅਤੇ ਭੁਲਾਉਣ ਦੀ ਕੁਦਰਤਨ ਗ਼ਜ਼ਬ ਦੀ ਕਾਬਲੀਅਤ ਬਖ਼ਸ਼ੀ ਗਈ ਹੁੰਦੀ ਹੈ। ਅਤੇ ਸਿਆਣੇ ਜਦੋਂ ਗੁੱਸੇ ਹੁੰਦੇ ਹਨ, ਉਹ ਗੁੱਸੇ ਹੀ ਰਹਿੰਦੇ ਨੇ, ਅਤੇ ਇਸੇ ਕਾਰਨ ਉਨ੍ਹਾਂ ਨੂੰ ਬਹੁਤ ਸਾਵਧਾਨ ਰਹਿਣਾ ਪੈਂਦੈ ਕਿ ਉਹ ਕਿਸ ਨੂੰ ਨਾਰਾਜ਼ ਕਰਨ ਅਤੇ ਕਿਸ ਨੂੰ ਨਾ। ਕੋਈ ਵਿਅਕਤੀ, ਜਿਨ੍ਹਾਂ ਨੂੰ ਇੰਨਾ ਕੁ ਸਿਆਣਾ ਹੋਣਾ ਚਾਹੀਦਾ ਸੀ ਕਿ ਉਹ ਇਸ ਤੋਂ ਬਿਹਤਰ ਵਿਹਾਰ ਕਰ ਸਕਦੇ, ਇਸ ਵਕਤ ਇੱਕ ਵੱਡਾ ਨਿਆਣਾ ਬਣ ਕੇ ਫ਼ਿਰ ਰਹੇ ਨੇ। ਪਰ ਤੁਸੀਂ, ਨਿਰਸੰਦੇਹ, ਖ਼ੁਦ ਨੂੰ ਉਨ੍ਹਾਂ ਵਾਲੇ ਪੱਧਰ ਤਕ ਨਿਘਰਣ ਨਹੀਂ ਦੇਵੋਗੇ। ਹੈ ਕਿ, ਨਾ?

ਉਮੀਦ ਨੂੰ ਪੱਸਰਣ ਦਿਓ। ਪ੍ਰੇਰਨਾ ਨੂੰ ਫ਼ੈਲਣ ਦਿਓ। ਸੱਚਮੁੱਚ ਦੀ ਕੋਈ ਸਾਕਾਰਾਤਮਕ ਪ੍ਰਗਤੀ ਹੋਣ ਦਿਓ। ਇਹ ਸਭ ਕੁਝ ਮੁਮਕਿਨ ਹੈ। ਕੋਈ ਅਜਿਹਾ ਹੈ ਜਿਸ ਨੂੰ ਤੁਸੀਂ ਭੁਲਾ ਤਾਂ ਨਹੀਂ ਸਕਦੇ – ਪਰ ਜਿਸ ਨੂੰ ਤੁਸੀਂ ਦਰਕਿਨਾਰ ਕਰ ਸਕਦੇ ਹੋ। ਕੁਝ ਅਜਿਹਾ ਹੈ ਜਿਸ ਨੂੰ ਤੁਸੀਂ ਹੱਲ ਤਾਂ ਨਹੀਂ ਕਰ ਸਕਦੇ – ਪਰ ਜਿਸ ਨੂੰ ਤੁਸੀਂ ਕਬੂਲ ਕਰ ਸਕਦੇ ਹੋ। ਕੁਝ ਅਜਿਹਾ ਹੈ ਜਿਸ ਤੋਂ ਤੁਸੀਂ ਦੌੜ ਤਾਂ ਨਹੀਂ ਸਕਦੇ – ਪਰ ਜਿਸ ਕਾਰਨ ਤੁਹਾਨੂੰ ਸਜ਼ਾ ਭੁਗਤਣ ਦੀ ਲੋੜ ਨਹੀਂ। ਉਸ ‘ਤੇ ਆਪਣਾ ਧਿਆਨ ਕੇਂਦ੍ਰਿਤ ਕਰੋ ਜੋ ਸੰਭਵ ਹੈ। ਜੋ ਸਾਰਥਕ ਹੈ ਅਤੇ ਜਿਹੜਾ ਵਕਤ ਦੇ ਥਪੇੜੇ ਝੱਲ ਸਕਦੈ, ਉਸ ਨੂੰ ਆਪਣੇ ਕਲਾਵੇ ‘ਚ ਲਓ। ਅਤੇ ਰਹੀਆਂ ਬਾਕੀ ਦੀਆਂ ਗੱਲਾਂ, ਕੌਣ ਪਰਵਾਹ ਕਰਦੈ ਉਨ੍ਹਾਂ ਦੀ? ਪੂਰੇ ਦਿਲ ਤੋਂ ਆਸ਼ਾ ਤਕ ਪਹੁੰਚਣ ਦੀ ਕੋਸ਼ਿਸ਼ ਕਰੋ, ਅਤੇ ਆਸ਼ਾ ਖ਼ੁਦ-ਬ-ਖ਼ੁਦ ਤੁਹਾਡੇ ਤਕ ਪਹੁੰਚ ਜਾਏਗੀ।

ਕੀ ਅਸੀਂ ਹਮੇਸ਼ਾ ਓਹੀ ਕਰਦੇ ਹਾਂ ਜੋ ਅਸੀਂ ਸੋਚਦੇ ਹਾਂ ਸਹੀ ਹੈ? ਕੁਝ ਹੱਦ ਤਕ। ਕਈ ਵਾਰ, ਅਸੀਂ ਉਹ ਕਰਦੇ ਹਾਂ ਜਿਸ ਬਾਰੇ ਸਾਨੂੰ ਸ਼ੱਕ ਹੁੰਦੈ ਕਿ ਉਸ ਨੂੰ ਕਰਨਾ ਗ਼ਲਤ ਹੈ, ਪਰ ਅਸੀਂ ਆਪਣੇ ਆਪ ਨੂੰ ਮਨਾ ਲੈਂਦੇ ਹਾਂ ਕਿ ਉਸ ਨੂੰ ਕਰਨਾ ਕਿਸੇ ਨਾ ਕਿਸੇ ਪੱਖੋਂ ਠੀਕ ਹੈ। ਜਾਂ ਅਸੀਂ ਜਾਣਬੁੱਝ ਕੇ ਗ਼ਲਤ ਸ਼ੈਅ ਕਰਦੇ ਹਾਂ, ਪਰ ਅਸੀਂ ਖ਼ੁਦ ਨੂੰ ਕਹਿੰਦੇ ਹਾਂ ਕਿ ਸਾਡਾ ਉਸ ਨੂੰ ਕਰਨਾ ਹੀ ਸਹੀ ਸੀ। ਜਾਂ, ਇਸ ਤੋਂ ਵੀ ਵੱਧ, ਅਸੀਂ ਆਪਣੇ ਆਪ ਨੂੰ ਚੇਤੇ ਕਰਾਉਂਦੇ ਹਾਂ ਕਿ ਅਤੀਤ ਵਿੱਚ ਅਸੀਂ ਜੋ ਠੀਕ ਸਮਝਦੇ ਸੀ, ਸਾਡੀ ਉਹ ਸੋਚ ਗ਼ਲਤ ਸੀ। ਸ਼ਾਇਦ ਫ਼ਿਰ, ਅਸੀਂ ਖ਼ੁਦ ਨੂੰ ਯਕੀਨ ਦਿਵਾਉਂਦੇ ਹਾਂ ਕਿ ਹੁਣ ਜੋ ਗ਼ਲਤ ਹੈ, ਅਸੀਂ ਉਸ ਬਾਰੇ ਵੀ ਸ਼ਾਇਦ ਸਹੀ ਨਹੀਂ ਹੋ ਸਕਦੇ! ਇਸ ਵਕਤ, ਚਲਾਕ ਦਲੀਲਾਂ ਤੁਹਾਡੇ ਭਾਵਨਾਤਮਕ ਜੀਵਨ ਵਿਚਲੇ ਕਿਸੇ ਮਹੱਤਵਪੂਰਨ ਮੁੱਦੇ ਨੂੰ ਉਲਝਾ ਸਕਦੀਆਂ ਹਨ। ਪਰ ਤੁਹਾਡੀ ਪ੍ਰਵਿਰਤੀ ਕਦੇ ਵੀ ਬਦਲੇਗੀ ਨਹੀਂ। ਉਸ ਵਿੱਚ ਭਰੋਸਾ ਰੱਖੋ।

ਕੋਈ ਸਲਾਹ ਚਾਹੀਦੀ ਹੈ? ਦਰਅਸਲ, ਮੈਨੂੰ ਪੂਰਾ ਯਕੀਨ ਹੈ ਤੁਹਾਨੂੰ ਨਹੀਂ ਚਾਹੀਦੀ। ਮੈਂ ਸ਼ਰਤ ਲਗਾ ਕੇ ਕਹਿ ਸਕਦਾਂ ਕਿ ਤੁਸੀਂ ਬਹੁਤ ਸਾਰੇ ਭਲਾ ਲੋਚਣ ਵਾਲੇ ਦਿਆਨਤਦਾਰ ਵਿਅਕਤੀਆਂ ਤੋਂ ਕੀ ਕਰਨਾ ਅਤੇ ਕੀ ਨਹੀਂ ਕਰਨਾ ਚਾਹੀਦੈ ਬਾਰੇ ਮਸ਼ਵਰੇ ਸੁਣ-ਸੁਣ ਕੇ ਅੱਕ ਚੁੱਕੇ ਹੋਵੋਗੇ। ਤੁਸੀਂ, ਪਰ, ਸਲਾਹਾਂ ਤੋਂ ਪੂਰੀ ਤਰ੍ਹਾਂ ਤੰਗ ਨਹੀਂ ਆਏ ਹੋ ਸਕਦੇ, ਨਹੀਂ ਤਾਂ ਤੁਸੀਂ ਮੈਥੋਂ ਮਸ਼ਵਰਾ ਕਿਓਂ ਮੰਗਣਾ ਸੀ। ਸੋ ਆਹ ਰਹੀ ਤੁਹਾਨੂੰ ਮੇਰੀ ਸਲਾਹ। ਕਿਸੇ ਦੀ ਵੀ ਸਲਾਹ ਨਾ ਸੁਣੋ। ਨਾ ਮੇਰੀ, ਨਾ ਹੀ ਕਿਸੇ ਹੋਰ ਦੀ। ਸੱਚੀ, ਬੇਸ਼ੱਕ ਅਸੀਂ ਇਸ ਵਿਸ਼ੇ ‘ਤੇ ਵਿਚਾਰ-ਵਿਮਰਸ਼ ਕਰ ਰਹੇ ਹਾਂ, ਪਰ ਇਹ ਨਾ ਸਮਝੋ ਕਿ ਤੁਹਾਡੇ ਕੋਲ ਹਰ ਸਵਾਲ ਦਾ ਜਵਾਬ ਹੋਣਾ ਜ਼ਰੂਰੀ ਹੈ ਜਾਂ ਹਰ ਸ਼ੰਕੇ ਨੂੰ ਨਿਸ਼ਚਿਤਤਾ ‘ਚ ਬਦਲਣ ਦੀ ਤੁਹਾਡੇ ਲਈ ਕੋਈ ਮਜਬੂਰੀ ਹੈ। ਕਈ ਵਾਰ, ਦੁਚਿੱਤੀ ‘ਚ ਹੋਣਾ ਇੱਕ ਸਿਹਤਮੰਦ ਵਰਤਾਰਾ ਹੁੰਦੈ! ਅਤੇ ਤੁਹਾਡੇ ਭਾਵਨਾਤਮਕ ਸ਼ੰਕੇ ਛੇਤੀ ਹੀ ਖ਼ੁਦ ਨੂੰ ਸਪੱਸ਼ਟ ਕਰ ਦੇਣਗੇ!

ਕੀ ਤੁਹਾਡੀ ਇੱਛਾ ਹੈ ਕਿ ਤੁਸੀਂ ਦਿਲਾਂ ਦੇ ਮਾਮਲਿਆਂ ‘ਚ ਉਸ ਤੋਂ ਕਿਤੇ ਵੱਧ ਖ਼ੁਸ਼ਨਸੀਬ ਹੋਵੋ ਜਿੰਨੇ ਤੁਸੀਂ ਹੋ? ਚੇਤੇ ਰੱਖੋ, ਇਹ ਜ਼ਰੂਰੀ ਨਹੀਂ ਕਿ ਖ਼ੁਸ਼ਕਿਸਮਤੀ ਦਾ ਮਤਲਬ ਲਾਟਰੀਆਂ ਜਿੱਤਣ ਦੀ ਤਾਕਤ ਹੀ ਹੋਵੇ। ਲਾਟਰੀਆਂ ਜਿੱਤਣਾ ਤੁਹਾਡੀ ਚੰਗੀ ਕਿਸਮਤ ਨਾਲੋਂ ਜ਼ਿਆਦਾ ਅਚਾਨਕ ਬਣੇ ਸੰਯੋਗ ‘ਤੇ ਨਿਰਭਰ ਕਰਦੈ। ਜੇਕਰ ਤੁਸੀਂ ਸਾਕਾਰਾਤਮਕਤਾ ਦੀ ਸ਼ਕਤੀ ਨੂੰ ਨਿਯੰਤ੍ਰਿਤ ਕਰਨਾ ਚਾਹੁੰਦੇ ਹੋ, ਮੂਰਖਤਾਪੂਰਣ ਸੰਯੋਗਾਂ ‘ਤੇ ਦਾਅ ਨਾ ਖੇਡੋ। ਵਧੇਰੇ ਪ੍ਰਮਾਣਿਕ, ਵਿਸ਼ਵਾਸਯੋਗ ਅਤੇ ਸਿਆਣੇ ਟੀਚਿਆਂ ਦਾ ਪਿੱਛਾ ਕਰੋ। ਉਨ੍ਹਾਂ ਸੰਭਾਵਨਾਵਾਂ ਨੂੰ ਪਕੜਨ ਦੀ ਕੋਸ਼ਿਸ਼ ਕਰੋ ਜਿਹੜੀਆਂ ਤੁਹਾਡੀ ਪਹੁੰਚ ‘ਚ ਹਨ, ਅਤੇ ਫ਼ਿਰ ਉਨ੍ਹਾਂ ਤਕ ਅੱਪੜਨ ਲਈ ਆਪਣੀ ਪੂਰੀ ਵਾਹ ਲਗਾ ਦਿਓ। ਇਸ ਪਦਾਰਥਵਾਦੀ ਸੰਸਾਰ ‘ਚ ਅਜਿਹਾ ਕਰਨਾ ਤੁਹਾਡੀ ਭਾਵਨਾਤਮਕ ਜ਼ਿੰਦਗੀ ਨਾਲੋਂ ਵਧੇਰੇ ਸੌਖਾ ਹੈ। ਪਰ ਇਸ ਵੇਲੇ ਇਨ੍ਹਾਂ ਦੋਹਾਂ ਵਿਭਾਗਾਂ ‘ਚ ਹੀ ਸੱਚਮੁੱਚ ਦੇ ਕੁਝ ਅਸਲੀ ਮੌਕੇ ਮੌਜੂਦ ਹਨ।