ਮੋਹਲੇਧਾਰ ਮੀਂਹ ਤੋਂ ਬਾਅਦ ਸੜਕਾਂ ‘ਤੇ ਪਾਣੀ ਭਰ ਜਾਣ ਨਾਲ ਬੈਂਗਲੁਰੂ ਬਣਿਆ ‘ਵੈਨਿਸ’

ਬੇਂਗਲੁਰੂ- ਬੇਂਗਲੁਰੂ ‘ਚ ਮੋਹਲੇਧਾਰ ਮੀਂਹ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ ਅਤੇ ਲੋਕ ਸੜਕਾਂ ‘ਤੇ ਪਾਣੀ ਭਰਨ ਦੀ ਸਮੱਸਿਆ ਨਾਲ ਜੂਝ ਰਹੇ ਹਨ। ਭਾਰਤੀ ਮੌਸਮ ਵਿਭਾਗ (IMD) ਨੇ 3 ਸਤੰਬਰ ਤੱਕ ਪੇਂਡੂ ਅਤੇ ਸ਼ਹਿਰੀ ਬੇਂਗਲੁਰੂ ਵਿੱਚ ਹਲਕੀ ਤੋਂ ਦਰਮਿਆਨੇ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਉਥੇ ਹੀ ਸ਼ਹਿਰ ਦੇ ਆਈ.ਟੀ. ਕੋਰੀਡੋਰ ਅਤੇ ਆਊਟਰ ਰਿੰਗ ਰੋਡ ‘ਤੇ ਪਾਣੀ ਭਰ ਗਿਆ, ਜਿਸ ਕਾਰਨ ਭਾਰੀ ਟ੍ਰੈਫਿਕ ਜਾਮ ਹੋ ਗਿਆ। ਆਊਟਰ ਰਿੰਗ ਰੋਡ ‘ਚ ਪਾਣੀ ਭਰਨ ‘ਤੇ ਅਜਿਹਾ ਨਜ਼ਾਰਾ ਸੀ, ਜਿਵੇਂ ਇੱਥੇ ਕੋਈ ਵੱਡੀ ਨਦੀ ਵਹਿ ਰਹੀ ਹੋਵੇ। ਰਿਹਾਇਸ਼ੀ ਇਲਾਕਿਆਂ ਦੀਆਂ ਸੜਕਾਂ ‘ਤੇ ਕਈ ਫੁੱਟ ਤੱਕ ਪਾਣੀ ਜਮ੍ਹਾਂ ਹੋ ਗਿਆ ਹੈ। ਇਸ ‘ਚ ਕਾਰਾਂ ਤੈਰਦੀਆਂ ਨਜ਼ਰ ਆ ਰਹੀਆਂ ਹਨ, ਲੋਕਾਂ ਨੂੰ ਆਪਣੇ ਵਾਹਨਾਂ ਨੂੰ ਪਾਣੀ ‘ਚੋਂ ਕੱਢਣ ‘ਚ ਕਾਫ਼ੀ ਮੁਸ਼ੱਕਤ ਕਰਨੀ ਪੈ ਰਹੀ ਹੈ। ਦੱਸ ਦੇਈਏ ਕਿ ਬੈਂਗਲੁਰੂ ਦੇ ਕਈ ਇਲਾਕਿਆਂ ‘ਚ ਮੋਹਲੇਧਾਰ ਮੀਂਹ ਤੋਂ ਬਾਅਦ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਹਨ।
ਸੋਮਵਾਰ ਨੂੰ ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਸ਼ਹਿਰ ਵਿੱਚ ਮੀਂਹ ਤੋਂ ਬਾਅਦ ਕਈ ਇਲਾਕਿਆਂ ਦਾ ਦੌਰਾ ਕੀਤਾ। ਰਾਜ ਵਿੱਚ ਪਿਛਲੇ ਕੁਝ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ, 1 ਜੂਨ ਤੋਂ ਕਰਨਾਟਕ ਵਿੱਚ 820 ਮਿਲੀਮੀਟਰ ਮੀਂਹ ਪਿਆ ਹੈ, ਜਿਸ ਨਾਲ 27 ਜ਼ਿਲ੍ਹੇ ਅਤੇ 187 ਪਿੰਡ ਪ੍ਰਭਾਵਿਤ ਹੋਏ ਹਨ। ਇਸ ਕਾਰਨ 29,967 ਦੀ ਆਬਾਦੀ ਪ੍ਰਭਾਵਿਤ ਹੋਈ ਹੈ। ਕਰਨਾਟਕ ਸਰਕਾਰ ਦੇ ਅਨੁਮਾਨ ਮੁਤਾਬਕ ਸੂਬੇ ਵਿਚ ਜੂਨ ਮਹੀਨੇ ਤੋਂ ਲੈ ਕੇ ਹੁਣ ਤੱਕ ਮੀਂਹ ਨਾਲ ਸਬੰਧਤ ਘਟਨਾਵਾਂ ਕਾਰਨ 7,647.13 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਕਰਨਾਟਕ ਦੇ ਮਾਲ ਮੰਤਰੀ ਆਰ ਅਸ਼ੋਕ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਤਰੀ ਅਨੁਸਾਰ ਜੂਨ ਤੋਂ ਲੈ ਕੇ ਹੁਣ ਤੱਕ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ ਕੁੱਲ 96 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਤਿੰਨ ਲੋਕ ਲਾਪਤਾ ਹਨ।