ਦੂਜੀ ਪਤਨੀ ਦੀ ਪਟੀਸ਼ਨ ‘ਤੇ MLA ਪਠਾਣਮਾਜਰਾ, ਭਾਣਜੇ ਤੇ DGP ਨੂੰ ਹਾਈ ਕੋਰਟ ਦਾ ਨੋਟਿਸ

ਜ਼ੀਰਕਪੁਰ : ਪਟਿਆਲਾ ਦੇ ਸਨੌਰ ਵਿਧਾਨ ਸਭਾ ਹਲਕੇ ਤੋਂ ‘ਆਪ’ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਦੂਜੀ ਪਤਨੀ ਗੁਰਪ੍ਰੀਤ ਕੌਰ ਨੇ ਸਰੀਰਕ ਸ਼ੋਸ਼ਣ ਅਤੇ ਸਾਜ਼ਿਸ਼ ਰਚਣ ਦਾ ਮਾਮਲਾ ਦਰਜ ਕਰਵਾਉਣ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ ਹੋਈ ਹੈ। ਇਸ ਸਬੰਧੀ ਜ਼ੀਰਕਪੁਰ ਥਾਣੇ ‘ਚ ਐੱਸ.ਐੱਚ.ਓ. ਦੁਪਿੰਦਰ ਸਿੰਘ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ, ਜਿਸ ‘ਤੇ ਵਿਧਾਇਕ ਪਠਾਣਮਾਜਰਾ ਖ਼ਿਲਾਫ਼ ਕੋਈ ਵੀ ਕਾਰਵਾਈ ਨਾ ਕਰਦਿਆਂ ਉਲਟਾ ਸੂਚਨਾ ਦੇਣ ਖ਼ਿਲਾਫ਼ ਮਾਣਯੋਗ ਪੰਜਾਬ-ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਇਸ ਮਾਮਲੇ ਸਬੰਧੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮੰਗਲਵਾਰ ਨੂੰ ‘ਆਪ’ ਵਿਧਾਇਕ ਹਰਮੀਤ ਪਠਾਣਮਾਜਰਾ ਦੀ ਦੂਜੀ ਪਤਨੀ ਗੁਰਪ੍ਰੀਤ ਕੌਰ ਵੱਲੋਂ ਦਾਇਰ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਮੋਹਾਲੀ ਦੇ ਐੱਸ.ਐੱਸ.ਪੀ. ਪਠਾਣਮਾਜਰਾ, ਉਨ੍ਹਾਂ ਦੇ ਭਤੀਜੇ ਸੁਰੱਖਿਆ ਗਾਰਡ, ਜ਼ੀਰਕਪੁਰ ਦੇ ਐੱਸ.ਐੱਚ.ਓ., ਪੰਜਾਬ ਦੇ ਡੀ.ਜੀ.ਪੀ. ਨੂੰ ਨੋਟਿਸ ਭੇਜ ਕੇ ਜਵਾਬ ਮੰਗਿਆ ਹੈ।
ਇਸ ਮਾਮਲੇ ‘ਚ ਮਾਣਯੋਗ ਹਾਈ ਕੋਰਟ ਨੇ ਵੀ ਪੰਜਾਬ ਸਰਕਾਰ ਨੂੰ ਪਟੀਸ਼ਨਕਰਤਾ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਪਟੀਸ਼ਨਕਰਤਾ ਨੇ ਦੋਸ਼ ਲਾਇਆ ਕਿ ਉਸ ਨੂੰ ਪਠਾਣਮਾਜਰਾ ਅਤੇ ਉਸ ਦੇ ਭਤੀਜੇ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਆਪਣੀ ਪਟੀਸ਼ਨ ਵਿੱਚ ਵਿਧਾਇਕ ਦੀ ਦੂਜੀ ਪਤਨੀ ਗੁਰਪ੍ਰੀਤ ਕੌਰ ਨੇ ਦੋਸ਼ ਲਾਇਆ ਕਿ ਉਸ ਦਾ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਕੀਤਾ ਗਿਆ ਸੀ ਤੇ ਐੱਸ.ਐੱਸ.ਪੀ. ਮੋਹਾਲੀ ਨੇ ਪਠਾਣਮਾਜਰਾ ਦੀ ਸ਼ਿਕਾਇਤ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ‘ਆਪ’ ਵਿਧਾਇਕ ‘ਤੇ ਗੰਭੀਰ ਦੋਸ਼ ਲਗਾਉਂਦਿਆਂ ਗੁਰਪ੍ਰੀਤ ਨੇ ਪਹਿਲਾਂ ਜ਼ੀਰਕਪੁਰ ਪੁਲਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਵਿਧਾਇਕ ਤੇ ਉਸ ਦੇ ਮਾਮੇ ਤੋਂ ਆਪਣੀ ਜਾਨ ਨੂੰ ਖਤਰੇ ਦਾ ਦੋਸ਼ ਲਗਾਇਆ ਸੀ। ਉਸ ਨੇ ਦੋਸ਼ ਲਾਇਆ ਕਿ ਪਠਾਣਮਾਜਰਾ ਨੇ ਪਹਿਲੀ ਪਤਨੀ ਨੂੰ ਤਲਾਕ ਦਿੱਤੇ ਬਿਨਾਂ 14 ਅਗਸਤ ਨੂੰ ਉਸ ਨਾਲ ਵਿਆਹ ਕਰਵਾ ਲਿਆ ਸੀ। ਗੁਰਪ੍ਰੀਤ ਨੇ ਆਪਣੀ ਸ਼ਿਕਾਇਤ ‘ਚ ਦੋਸ਼ ਲਾਇਆ ਕਿ ਜਦੋਂ ਤੋਂ ਮੈਂ ਆਪਣੇ ਵਿਆਹ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ, ਉਦੋਂ ਤੋਂ ਹਰਮੀਤ ਸਿੰਘ ਪਠਾਣਮਾਜਰਾ ਤੇ ਉਸ ਦਾ ਮਾਮਾ ਮੈਨੂੰ ਧਮਕੀਆਂ ਦੇ ਰਹੇ ਹਨ।