ਟੈਂਡਰ ਘਪਲੇ ‘ਚ ਭਾਰਤ ਭੂਸ਼ਣ ਆਸ਼ੂ ਦੀ ਪੇਸ਼ੀ ਅੱਜ, ਹੇਮੰਤ ਸੂਦ, ਮੇਅਰ ਤੇ ਸੰਨੀ ਭੱਲਾ ਨੇ ਜਮ੍ਹਾਂ ਕਰਵਾਏ ਰਿਕਾਰਡ

ਲੁਧਿਆਣਾ : ਅਨਾਜ ਮੰਡੀ ਟ੍ਰਾਂਸਪੋਰਟੇਸ਼ਨ ਟੈਂਡਰ ਘਪਲੇ ’ਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਨਜ਼ਦੀਕੀਆਂ ’ਤੇ ਵਿਜੀਲੈਂਸ ਦਾ ਸ਼ਿਕੰਜਾ ਕੱਸਦਾ ਜਾ ਰਿਹਾ ਹੈ। ਮੰਗਲਵਾਰ ਨੂੰ ਫਿਰ ਇਨਵੈਸਟਰ ਹੇਮੰਤ ਸੂਦ, ਮੇਅਰ ਬਲਕਾਰ ਸੰਧੂ ਅਤੇ ਕੌਂਸਲਰ ਸੰਨੀ ਭੱਲਾ ਨੂੰ ਬੁਲਾਇਆ ਗਿਆ, ਜਿਸ ਤੋਂ ਬਾਅਦ ਉਨ੍ਹਾਂ ਤੋਂ ਕਈ ਘੰਟੇ ਪੁੱਛਗਿੱਛ ਕੀਤੀ ਗਈ ਅਤੇ ਤਿੰਨਾਂ ਨੇ ਵਿਜੀਲੈਂਸ ਵੱਲੋਂ ਮੰਗ ਦਸਤਾਵੇਜ਼ ਜਮ੍ਹਾਂ ਕਰਵਾ ਦਿੱਤੇ ਹਨ। ਇਸ ਤੋਂ ਬਾਅਦ ਵਿਜੀਲੈਂਸ ਨੇ ਕੁੱਝ ਦਸਤਾਵੇਜ਼ ਮੰਗੇ ਹਨ। ਆਸ਼ੂ ਦੀ ਪੇਸ਼ੀ ਦੌਰਾਨ ਕੋਰਟ ਕੰਪਲੈਕਸ ’ਚ ਕੁੱਝ ਪੰਫਲੈਟ ਡਿੱਗੇ ਪਏ ਸਨ, ਜਿਨ੍ਹਾਂ ’ਚ ਧਾਰਮਿਕ ਸੰਸਥਾ ਦਾ ਆਸ਼ੂ ਦੇ ਨਾਲ ਕੁਨੈਕਸ਼ਨ ਦੱਸਿਆ ਗਿਆ ਸੀ।
ਉਸ ਪੋਸਟਰ ’ਤੇ ਦੱਸੇ ਨਾਵਾਂ ਨੂੰ ਵਿਜੀਲੈਂਸ ਨੇ ਮੰਗਲਵਾਰ ਨੂੰ ਬੁਲਾਇਆ ਸੀ, ਜਿਸ ਵਿਚ ਇਕ ਮੌਜੂਦਾ ਪਾਰਟੀ ਦੇ ਵਿਧਾਇਕ ਦਾ ਰਿਸ਼ਤੇਦਾਰ ਵੀ ਹੈ। ਹਾਲਾਂਕਿ ਕੁੱਝ ਦੇਰ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ। ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਦੋ ਦਿਨ ਦਾ ਜੋ ਰਿਮਾਂਡ ਬੁੱਧਵਾਰ ਨੂੰ ਖ਼ਤਮ ਹੋ ਰਿਹਾ ਹੈ, ਇਸ ਲਈ ਬੁੱਧਵਾਰ ਨੂੰ ਸਖ਼ਤ ਸੁਰੱਖਿਆ ’ਚ ਵਿਜੀਲੈਂਸ ਵਿਭਾਗ ਫਿਰ ਆਸ਼ੂ ਨੂੰ ਪੇਸ਼ ਕਰੇਗਾ। ਦੱਸਿਆ ਜਾ ਰਿਹਾ ਹੈ ਕਿ ਵਿਜੀਲੈਂਸ ਦੇ ਹੱਥ ਕੁੱਝ ਹੋਰ ਤੱਥ ਲੱਗੇ ਹਨ, ਜੋ ਉਹ ਬੁੱਧਵਾਰ ਕੋਰਟ ’ਚ ਪੇਸ਼ ਕਰੇਗੀ।
ਈ. ਡੀ. ਨੇ ਮੰਗਵਾਇਆ ਟੈਂਡਰ ਘਪਲੇ ਦਾ ਰਿਕਾਰਡ
ਟੈਂਡਰ ਘਪਲੇ ਦਾ ਮਾਮਲਾ ਈ. ਡੀ. ਦੇ ਧਿਆਨ ‘ਚ ਆ ਗਿਆ ਹੈ। ਹੁਣ ਈ. ਡੀ. ਨੇ ਵਿਜੀਲੈਂਸ ਤੋਂ ਇਸ ਘਪਲੇ ਨਾਲ ਜੁੜੇ ਰਿਕਾਰਡ ਮੰਗਵਾਏ ਹਨ। ਜੇਕਰ ਸੂਤਰਾਂ ਦੀ ਮੰਨੀਏ ਤਾਂ ਈ. ਡੀ. ਉਕਤ ਮਾਮਲੇ ’ਚ ਐੱਫ. ਆਈ. ਆਰ. ਦਰਜ ਕਰ ਸਕਦੀ ਹੈ।
ਆਸ਼ੂ ਨੂੰ ਘਰੋਂ ਨਹੀਂ, ਸਗੋਂ ਹੁਣ ਵਿਜੀਲੈਂਸ ਦਫ਼ਤਰ ਤੋਂ ਮਿਲੇਗਾ ਖਾਣਾ
ਜਦੋਂ ਤੋਂ ਆਸ਼ੂ ਵਿਜੀਲੈਂਸ ਵਿਭਾਗ ਦੀ ਗ੍ਰਿਫ਼ਤ ’ਚ ਆਏ ਹਨ, ਉਨ੍ਹਾਂ ਨੂੰ ਘਰੋਂ ਤਿਆਰ ਕੀਤਾ ਖਾਣਾ ਦਿੱਤਾ ਜਾ ਰਿਹਾ ਸੀ। ਉਨ੍ਹਾਂ ਦੀ ਸਿਹਤ ਨੂੰ ਦੇਖਦੇ ਹੋਏ ਅਜਿਹਾ ਕੀਤਾ ਜਾ ਰਿਹਾ ਸੀ ਪਰ ਹੁਣ ਅਜਿਹਾ ਨਹੀਂ ਹੋਵੇਗਾ। ਹੁਣ ਉਨ੍ਹਾਂ ਨੂੰ ਵਿਜੀਲੈਂਸ ਦਫ਼ਤਰ ਦੇ ਅੰਦਰ ਬਣਿਆ ਹੋਇਆ ਖਾਣਾ ਹੀ ਮਿਲੇਗਾ। ਅਧਿਕਾਰੀਆਂ ਦਾ ਤਰਕ ਹੈ ਕਿ ਆਸ਼ੂ ਨੂੰ ਖਾਣਾ ਪਹੁੰਚਾਉਣ ਲਈ ਵਿਜੀਲੈਂਸ ਦਫ਼ਤਰ ’ਚ ਹਰ ਰੋਜ਼ ਕੋਈ ਨਾ ਕੋਈ ਨਵਾਂ ਆਦਮੀ ਚਲਾ ਆਉਂਦਾ ਸੀ, ਇਸ ਨਾਲ ਉਨ੍ਹਾਂ ਦੀ ਜਾਂਚ ’ਤੇ ਅਸਰ ਪੈ ਰਿਹਾ ਸੀ। ਇਸੇ ਲਈ ਇਹ ਫ਼ੈਸਲਾ ਲਿਆ ਗਿਆ ਹੈ।
ਕੀ ਕਹਿੰਦੇ ਹਨ ਐੱਸ. ਐੱਸ. ਪੀ.
ਐੱਸ. ਐੱਸ. ਪੀ. ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਮੇਅਰ ਬਲਕਾਰ ਸੰਧੂ, ਕੌਂਸਲਰ ਸੰਨੀ ਭੱਲਾ ਅਤੇ ਕਾਰੋਬਾਰੀ ਹੇਮੰਤ ਸੂਦ ਨੂੰ ਫਿਰ ਬੁਲਾਇਆ ਸੀ, ਜੋ ਦਸਤਾਵੇਜ਼ ਮੰਗਵਾਏ ਸਨ, ਉਨ੍ਹਾਂ ਨੇ ਜਮ੍ਹਾਂ ਕਰਵਾ ਦਿੱਤੇ ਹਨ ਅਤੇ ਹੋਰ ਦਸਤਾਵੇਜ਼ ਮੰਗੇ ਗਏ ਹਨ। ਉਨ੍ਹਾਂ ਨੂੰ ਬੁੱਧਵਾਰ ਨੂੰ ਫਿਰ ਬੁਲਾਇਆ ਹੈ। ਇਸ ਤੋਂ ਇਲਾਵਾ ਮੀਨੂ ਅਤੇ ਇੰਦੀ ਬਾਰੇ ਵੀ ਅਜੇ ਕੁੱਝ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।