ਆਜ਼ਾਦ ਨੇ ਸੋਨੀਆ ਨੂੰ ਲਿਖੀ 5 ਸਫ਼ਿਆਂ ਦੀ ਚਿੱਠੀ ’ਚ ਇੰਦਰਾ, ਰਾਜੀਵ ਤੇ ਸੰਜੇ ਗਾਂਧੀ ਨੂੰ ਕੀਤਾ ਯਾਦ

ਨਵੀਂ ਦਿੱਲੀ- ਕਾਂਗਰਸ ਦੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਨੇ ਸੋਨੀਆ ਗਾਂਧੀ ਨੂੰ 5 ਸਫਿਆਂ ਦੀ ਚਿੱਠੀ ਲਿਖੀ ਹੈ, ਜਿਸ ਵਿਚ ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ, ਰਾਜੀਵ ਗਾਂਧੀ ਤੇ ਸੰਜੇ ਗਾਂਧੀ ਬਾਰੇ ਚਰਚਾ ਕੀਤੀ।
ਇੰਦਰਾ ਬਾਰੇ :
ਆਜ਼ਾਦ ਨੇ ਕਿਹਾ ਕਿ 1977 ਤੋਂ ਬਾਅਦ ਸੰਜੇ ਗਾਂਧੀ ਦੀ ਅਗਵਾਈ ’ਚ ਯੂਥ ਕਾਂਗਰਸ ਦੇ ਜਨਰਲ ਸਕੱਤਰ ਦੇ ਅਹੁਦੇ ’ਤੇ ਰਹਿੰਦੇ ਹੋਏ ਮੈਂ ਹਜ਼ਾਰਾਂ ਕਾਂਗਰਸੀ ਨੇਤਾਵਾਂ ਤੇ ਵਰਕਰਾਂ ਨਾਲ ਇਕ ਜੇਲ੍ਹ ਤੋਂ ਦੂਜੀ ਜੇਲ੍ਹ ਗਿਆ। ਤਿਹਾੜ ਜੇਲ੍ਹ ’ਚ ਮੇਰਾ ਸਭ ਤੋਂ ਲੰਮਾ ਸਮਾਂ 20 ਦਸੰਬਰ 1978 ਤੋਂ ਜਨਵਰੀ 1979 ਤਕ ਸੀ। ਉਸ ਵੇਲੇ ਮੈਂ ਇੰਦਰਾ ਗਾਂਧੀ ਜੀ ਦੀ ਗ੍ਰਿਫਤਾਰੀ ਵਿਰੁੱਧ ਜਾਮਾ ਮਸਜਿਦ ਤੋਂ ਸੰਸਦ ਭਵਨ ਤਕ ਵਿਰੋਧ ਰੈਲੀ ਕੱਢੀ ਸੀ। ਅਸੀਂ ਜਨਤਾ ਪਾਰਟੀ ਦੀ ਵਿਵਸਥਾ ਦਾ ਵਿਰੋਧ ਕੀਤਾ ਅਤੇ ਉਸ ਪਾਰਟੀ ਦੇ ਕਾਇਆਕਲਪ ਦਾ ਰਸਤਾ ਬਣਾਇਆ, ਜਿਸ ਦੀ ਨੀਂਹ 1978 ’ਚ ਇੰਦਰਾ ਗਾਂਧੀ ਨੇ ਰੱਖੀ ਸੀ। 3 ਸਾਲ ਦੇ ਸਖਤ ਸੰਘਰਸ਼ ਤੋਂ ਬਾਅਦ 1980 ’ਚ ਕਾਂਗਰਸ ਪਾਰਟੀ ਮੁੜ ਸੱਤਾ ’ਚ ਪਰਤੀ ਸੀ।
ਸੰਜੇ ਬਾਰੇ :
ਆਜ਼ਾਦ ਨੇ ਕਿਹਾ ਕਿ ਵਿਦਿਆਰਥੀ ਜੀਵਨ ਤੋਂ ਹੀ ਮੈਂ ਆਜ਼ਾਦੀ ਦੀ ਅਲਖ ਜਗਾਉਣ ਵਾਲੇ ਗਾਂਧੀ, ਨਹਿਰੂ, ਪਟੇਲ, ਅਬੁਲ ਕਲਾਮ ਆਜ਼ਾਦ, ਸੁਭਾਸ਼ ਚੰਦਰ ਬੋਸ ਦੇ ਵਿਚਾਰਾਂ ਤੋਂ ਪ੍ਰਭਾਵਿਤ ਸੀ। ਸੰਜੇ ਗਾਂਧੀ ਦੇ ਕਹਿਣ ’ਤੇ ਮੈਂ 1975-76 ’ਚ ਜੰਮੂ-ਕਸ਼ਮੀਰ ਯੂਥ ਕਾਂਗਰਸ ਦੀ ਪ੍ਰਧਾਨਗੀ ਸੰਭਾਲੀ। ਕਸ਼ਮੀਰ ਯੂਨੀਵਰਸਿਟੀ ਤੋਂ ਪੋਸਟ ਗ੍ਰੈਜੂਏਸ਼ਨ ਕਰਨ ਤੋਂ ਬਾਅਦ 1973-75 ਤਕ ਮੈਂ ਕਾਂਗਰਸ ਦੇ ਬਲਾਕ ਜਨਰਲ ਸੈਕਟਰੀ ਦੀ ਜ਼ਿੰਮੇਵਾਰੀ ਵੀ ਸੰਭਾਲ ਰਿਹਾ ਸੀ। ਸੰਜੇ ਗਾਂਧੀ ਦੀ ਦੁੱਖਦਾਇਕ ਮੌਤ ਤੋਂ ਬਾਅਦ 1980 ’ਚ ਮੈਂ ਯੂਥ ਕਾਂਗਰਸ ਦਾ ਪ੍ਰਧਾਨ ਬਣਿਆ ਸੀ।
ਰਾਜੀਵ ਬਾਰੇ :
ਯੂਥ ਕਾਂਗਰਸ ਦਾ ਪ੍ਰੈਜ਼ੀਡੈਂਟ ਰਹਿੰਦੇ ਹੋਏ ਮੈਨੂੰ ਤੁਹਾਡੇ ਪਤੀ ਰਾਜੀਵ ਗਾਂਧੀ ਨੂੰ ਯੂਥ ਕਾਂਗਰਸ ’ਚ ਨੈਸ਼ਨਲ ਕੌਂਸਲ ਮੈਂਬਰ ਵਜੋਂ ਸ਼ਾਮਲ ਕਰਨ ਦਾ ਮੌਕਾ ਮਿਲਿਆ। 1981 ’ਚ ਕਾਂਗਰਸ ਦੇ ਸਪੈਸ਼ਲ ਸੈਸ਼ਨ ਦੌਰਾਨ ਰਾਜੀਵ ਗਾਂਧੀ ਯੂਥ ਕਾਂਗਰਸ ਦੇ ਪ੍ਰਧਾਨ ਬਣਾਏ ਗਏ। ਇਹ ਵੀ ਮੇਰੀ ਹੀ ਪ੍ਰਧਾਨਗੀ ’ਚ ਹੋਇਆ। ਮੈਂ ਰਾਜੀਵ ਗਾਂਧੀ ਦੇ ਕਾਂਗਰਸ ਪਾਰਲੀਮੈਂਟਰੀ ਬੋਰਡ ਦਾ ਪ੍ਰਧਾਨ ਬਣਨ ਤੋਂ ਲੈ ਕੇ ਉਨ੍ਹਾਂ ਦੀ ਦੁੱਖਦਾਇਕ ਹੱਤਿਆ ਤਕ ਇਸ ਬੋਰਡ ਦਾ ਮੈਂਬਰ ਰਿਹਾ।
ਚਿੱਠੀ ਦੇ ਮੁੱਖ ਬਿੰਦੂ :
*ਆਜ਼ਾਦ ਨੇ 1970 ਦੇ ਦਹਾਕੇ ’ਚ ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਕਾਂਗਰਸ ਨਾਲ ਲੰਮੇ ਸਮੇਂ ਤਕ ਰਹਿਣ ਦਾ ਜ਼ਿਕਰ ਕੀਤਾ।
*ਆਜ਼ਾਦ ਨੇ ਰਾਹੁਲ ਗਾਂਧੀ ’ਤੇ ਪਾਰਟੀ ਅੰਦਰ ਸਲਾਹ ਪ੍ਰਣਾਲੀ ਨੂੰ ਖਤਮ ਕਰਨ ਦਾ ਦੋਸ਼ ਲਾਇਆ।
*ਆਜ਼ਾਦ ਨੇ ਕਿਹਾ ਕਿ ਪਾਰਟੀ ਨੂੰ ਮੁੜ-ਸੁਰਜੀਤ ਕਰਨ ਲਈ ਉਹ ਪੰਚਮੜੀ (1998), ਸ਼ਿਮਲਾ (2003) ਅਤੇ ਜੈਪੁਰ (2013) ’ਚ ਹੋਏ ਪਾਰਟੀ ਦੇ ਮੰਥਨ ’ਚ ਸ਼ਾਮਲ ਰਹੇ ਹਨ ਪਰ ਤਿੰਨਾਂ ਮੌਕਿਆਂ ’ਤੇ ਪੇਸ਼ ਕੀਤੇ ਗਏ ਸਲਾਹ-ਮਸ਼ਵਰਿਆਂ ’ਤੇ ਕਦੇ ਗੌਰ ਨਹੀਂ ਕੀਤਾ ਗਿਆ ਅਤੇ ਨਾ ਹੀ ਸਿਫਾਰਸ਼ਾਂ ਨੂੰ ਲਾਗੂ ਕੀਤਾ ਗਿਆ।
*2014 ਦੀਆਂ ਲੋਕ ਸਭਾ ਚੋਣਾਂ ’ਚ ਪਾਰਟੀ ਨੂੰ ਮੁੜ-ਸੁਰਜੀਤ ਕਰਨ ਲਈ ਵਿਸਤ੍ਰਿਤ ਕਾਰਜ ਯੋਜਨਾ ਪਿਛਲੇ 9 ਸਾਲਾਂ ਤੋਂ ਆਲ ਇੰਡੀਆ ਕਾਂਗਰਸ ਕਮੇਟੀ ਦੇ ‘ਸਟੋਰ ਰੂਮ’ ’ਚ ਪਈ ਹੈ।
*ਯੂ. ਪੀ. ਏ. ਸਰਕਾਰ ਦੀ ਸੰਸਥਾਗਤ ਅਖੰਡਤਾ ਨੂੰ ਖਤਮ ਕਰਨ ਵਾਲਾ ‘ਰਿਮੋਟ ਕੰਟਰੋਲ ਮਾਡਲ’ ਹੁਣ ਕਾਂਗਰਸ ’ਤੇ ਲਾਗੂ ਹੁੰਦਾ ਹੈ।