ਡਾਇਰੀ ਦਾ ਪੰਨਾ
ਨਿੰਦਰ ਘੁਗਿਆਣਵੀ
ਮਾਲਵੇ ਦਾ ਕਹਿੰਦਾ ਕਹਾਉਂਦਾ ਸਰਾਵਾਂ ਵਾਲਾ ਬਰਾੜ ਪਰਿਵਾਰ ਅੱਜ ਸਿਆਸਤ ਦੇ ਪਿੜ ਚੋਂ ਅਲੋਪ ਹੋ ਕੇ ਪੰਜਾਬ ਦੇ ਸਾਬਕਾ ਮੁੱਖ-ਮੰਤਰੀ ਮਰਹੂਮ ਹਰਚਰਨ ਸਿੰਘ ਬਰਾੜ ਨੂੰ ਮਾਲਵਾ ਦੇ ਦਿਹਾਤੀ ਲੋਕ ਪਿਆਰ ਨਾਲ ਕਾਕਾ ਸਰਾਂ ਵਾਲਾ ਕਹਿੰਦੇ ਸਨ। ਇਹ ਨਾਂ ਉਹਨਾਂ ਦੇ ਨਾਨਕਿਆਂ ਦੀ ਦੇਣ ਸੀ ਜਦ ਵੀ ਉਹ ਆਪਣੇ ਨਾਨਕੇ ਪਿੰਡ ਕੋਟ ਫ਼ੱਤੇ ਜਾਂਦੇ ਤਾਂ ਸਾਰੇ ਆਂਢੀ-ਗੁਆਂਢੀ ਕਹਿਣ ਲਗਦੇ, ”ਕਾਕਾ ਆ ਗਿਆ ਸਰਾਂ ਵਾਲਾ … ਕਾਕਾ ਆ ਗਿਆ।”ਉਹਨਾਂ ਦੀ ਸਰਦਾਰੀ ਦੀ ਹਰਮਨ-ਪਿਆਰਤਾ ਅਜੇ ਵੀ ਪੇਂਡੂ ਲੋਕਾਂ ਵਿੱਚੋਂ ਇਸ ਰੂਪ ‘ਚ ਮਿਲ ਜਾਂਦੀ ਹੈ ਕਿ ਜੇਕਰ ਕੋਈ ਖ਼ਾਸਕਰ, ਨੌਜਵਾਨ ਕਿਸੇ ‘ਤੇ ਆਪਣਾ ਰੁਹਬ-ਦਾਅਬ ਜਮਾਉਂਦਾ ਹੈ ਤਾਂ ਅਗਲਾ ਕਹਿ ਦਿੰਦਾ ਹੈ, ”ਤੂੰ ਕਿਹੜਾ ਕਾਕੇ ਸਰਾਂ ਆਲੇ ਦਾ ਪੋਤਰੈਂ? ਵਾਧੂ ਆਕੜ ਨਾ ਵਿਖਾ..! ”ਬਰਾੜ ਆਪਣੀਆਂ ਕੁੱਝ ਖ਼ਾਸ ਖ਼ੂਬੀਆਂ ਕਾਰਨ ਲੋਕਾਂ ਦੇ ਚੇਤਿਆਂ ‘ਚ ਵੱਸੇ ਰਹਿਣਗੇ। ਉਹਨਾਂ ਦੀ ਕਿਸੇ ਮੌਕੇ ਵੀ ਕੀਤੀ ਤਕਰੀਰ ਹਮੇਸ਼ਾ ਹੀ ਬਹੁਤ ਸੰਖੇਪ ਜਿਹੀ ਹੀ ਹੁੰਦੀ ਸੀ। ਸੰਨ 1997 ‘ਚ ਹੋਈਆਂ ਲੋਕ ਸਭਾ ਦੀਆਂ ਚੋਣਾ ‘ਚ ਉਹਨਾਂ ਦੀ ਬੇਟੀ ਬਬਲੀ ਬਰਾੜ ਨੇ ਫ਼ਰੀਦਕੋਟ ਲੋਕ ਸਭਾ ਹਲਕੇ ਤੋਂ ਚੋਣ ਲੜੀ ਸੀ, ਅਤੇ ਬਰਾੜ ਉਸ ਦੇ ਚੋਣ ਜਲਸਿਆਂ ਨੂੰ ਸੰਬੋਧਨ ਕਰਨ ਲਈ ਪਿੰਡ-ਪਿੰਡ ਜਾਂਦੇ ਤਾਂ ਉਹ ਮਾਈਕ ‘ਤੇ ਸਿਰਫ਼ ਐਨਾ ਹੀ ਆਖਦੇ, ”ਬਬਲੀ ਤੁਹਾਡੀ ਆਪਣੀ ਧੀ ਹੈ … ਉਸ ਨੂੰ ਵੋਟ ਦੇਣੀ ਤੁਹਾਡਾ ਫ਼ਰਜ਼ ਬਣਦਾ ਐ।”ਇਹ ਕਹਿ ਕੇ ਉਹ ਬੈਠ ਜਾਂਦੇ। ਉਹ ਨਾ ਕਿਸੇ ਪਾਰਟੀ ਨੂੰ ਨਿੰਦਦੇ ਸਨ ਅਤੇ ਨਾ ਹੀ ਉਤੇਜਿਤ ਦਿਖਾਈ ਦਿੰਦੇ। ਜਦ ਵੀ ਉਹ ਲੋਕਾਂ ‘ਚ ਘਿਰੇ ਬੈਠੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਦੇ ਹੁੰਦੇ, ਵਿੱਚੋਂ ਦੀ ਕੋਈ ਉੱਚੀ ਸੁਰ ‘ਚ ਬੋਲਦਾ ਸੁਣਾਈ ਦਿੰਦਾ, ਤਾਂ ਬਰਾੜ ਉਸ ਨੂੰ ਹੌਲੀ ਬੋਲਣ ਲਈ ਆਖਦੇ, ”ਹੌਲੀ ਬੋਲ ਭਾਈ … ਤੇਰਾ ਕੰਮ ਹੋ ਜਾਵੇਗਾ, ਘਬਰਾ ਨਾ।”ਜੇ ਕੋਈ ਕਹਿੰਦਾ ਕਿ ਬਰਾੜ ਸਾਹਬ ਇਹ ਬੰਦਾ ਅਕਾਲੀ ਹੈ, ਇਹਦਾ ਕੰਮ ਨਹੀਂ ਕਰਨਾ ਤਾਂ ਉਹ ਆਖਦੇ, ”ਕੋਈ ਗੱਲ ਨਹੀਂ, ਕਦੇ ਤਾਂ ਆਪਾਂ ਨੂੰ ਵੋਟ ਪਾਊਗਾ … ਪਹਿਲਾਂ ਇਸ ਦਾ ਕੰਮ ਤਾਂ ਕਰੀਏ ਆਪਾਂ। ਨਾਨਕਿਆਂ ਵਾਲੇ ਪਾਸੇ ਤੋਂ ਰਿਸ਼ਤੇਦਾਰ ਜਸਕਰਤਾਰ ਸਿੰਘ ਨੇ ਦੱਸਿਆ, ”ਕੋਈ ਅਫ਼ਸਰ ਮੇਰਾ ਕੰਮ ਨਹੀਂ ਸੀ ਕਰ ਰਿਹਾ ਤਾਂ ਮੈਂ ਬਰਾੜ ਸਾਹਬ ਨੂੰ ਅੱਕ ਕੇ ਕਿਹਾ ਕਿ ਮੇਰੇ ਉਸ ਅਫ਼ਸਰ ਨੇ ਛੇ ਗੇੜੇ ਲੁਵਾ ਦਿੱਤੇ ਨੇ … ਅਜੇ ਤਕ ਕੰਮ ਨਹੀਂ ਕੀਤਾ ਤਾਂ ਇਹ ਸੁਣ ਬਰਾੜ ਸਾਹਬ ਨੇ ਬੜੀ ਸਹਿਜਤਾ ਨਾਲ ਕਿਹਾ, ”ਅਸੀਂ ਵੋਟਰਾਂ ਦੇ ਘਰ ਛੇ-ਛੇ ਵਾਰੀ ਜਾਨੇ ਆਂ … ਆਖ਼ਿਰ ਵੋਟਰ ਫ਼ਿਰ ਵੀ ਉਲਟ ਵੋਟ ਪਾ ਜਾਂਦੈ … ਅਸੀਂ ਕਦੀ ਗੁੱਸੇ ਨਹੀਂ ਹੋਏ … ਜ਼ਿੰਦਗੀ ‘ਚ ਤਲਖ਼ ਨਹੀਂ ਹੋਣਾ ਚਾਹੀਦਾ।”ਰਿਸ਼ਤੇਦਾਰ ਚੁਪ ਕਰ ਗਿਆ।
ਬਰਾੜ ਸਾਹਬ ਮੱਝ, ਘੋੜੇ, ਕੁੱਤੇ, ਬਲਦ ਅਤੇ ਬੰਦੇ ਦੀ ਪਛਾਣ ਪਲ ‘ਚ ਹੀ ਕਰ ਲੈਂਦੇ ਸਨ। ਸਫ਼ਰ ‘ਚ ਜਾਂਦੇ ਗੱਡੀ ਰੋਕ ਲੈਂਦੇ ਤੇ ਪਸ਼ੂ ਲਈ ਜਾਂਦੇ ਪਾਲੀ ਨਾਲ ਗੱਲਾਂ ਕਰਦੇ ਅਤੇ ਪਸ਼ੂਆਂ ਦੀਆਂ ਨਸਲਾਂ ਬਾਰੇ ਜਾਣਕਾਰੀ ਮੰਗਦੇ। ਇੱਕ ਵਾਰ ਸਵੇਰ ਵੇਲੇ ਕੋਟਕਪੂਰਾ ਨੇੜੇ ਦੀ ਲੰਘ ਰਹੇ ਸਨ, ਮੱਝਾਂ ਚਾਰਦੇ ਬੰਦੇ ਨੂੰ ਦੇਖ ਗੱਡੀ ਰੋਕੀ ਅਤੇ ਆਖਿਆ, ”ਆਹ ਮੇਰੀ ਮੱਝ ਦੀ ਨਸਲ ਦੀ ਕੱਟੀ ਤੇਰੇ ਕੋਲ ਕਿੱਥੋਂ ਆ ਗਈ? ”ਉਸ ਬੰਦੇ ਨੇ ਦੱਸਿਆ ਕਿ ਦਰਸ਼ਨ ਸਿੰਘ ਨਾਂ ਦੇ ਕਿਸਾਨ ਦੇ ਘਰ ਆਪ ਦਾ ਝੋਟਾ ਹੈ ਤਾਂ ਫ਼ਿਰ ਉਹ ਆਪਣਾ ਝੋਟਾ ਮੁੜਵਾ ਕੇ ਲੈ ਗਏ।
?? ਬੇਅੰਤ ਸਿੰਘ ਦੇ ਦਿਹਾਂਤ ਮਗਰੋਂ ਜਦ ਉਹ ਮੁੱਖ-ਮੰਤਰੀ ਬਣੇ ਤਾਂ ਅੰਦਰ-ਅੰਦਰ ਗੱਲਾਂ ਹੋਣ ਲੱਗੀਆ ਕਿ ਬਰਾੜ ਦੀ ਵਜ਼ਾਰਤ ਦੇ ਕੁੱਝ ਮੰਤਰੀ ਰਿਸ਼ਵਤਾਂ ਲੈਣ ਲੱਗੇ ਹਨ, ਤਾਂ ਉਹਨਾਂ ਦੇ ਇੱਕ ਨੇੜਲੇ ਮਿੱਤਰ ਗੁਰਦਿਆਲ ਸਿੰਘ ਜ਼ੈਲਦਾਰ ਕਹਿਣ ਲੱਗੇ, ”ਬਰਾੜ ਸਾਹਿਬ, ਆਹ ਕੀ ਗੱਲਾਂ ਸੁਣਨ ਨੂੰ ਮਿਲਣ ਰਹੀਆ ਨੇ? ”ਤਾਂ ਬਰਾੜ ਨੇ ਮੁਸਕਰਾ ਕੇ ਆਖਿਆ, ”ਜਦੋਂ ਵਰਦੀ ਪਾਈ ਹੋਵੇ ਤਾਂ ਸਲੂਟ ਤਾਂ ਵੱਜਦੇ ਈ ਨੇ … ਕੋਈ ਗੱਲ ਨਹੀਂ … ਫ਼ਿਰ ਵੀ ਮੈਂ ਸਭ ਦੇ ਕੰਨ ਖਿੱ??? ਦਿੰਨੈ।”
ਬਰਾੜ ਦੀ ਪਹਿਲੀ ਸ਼ਾਦੀ ਸਾਡੇ ਪਿੰਡ ਨੇੜੇ ਪਿੰਡ ਬੁੱਟਰ ਵਿਖੇ ਸੰਧੂ ਪਰਿਵਾਰ ‘ਚ ਕਰਨੈਲ ਸਿੰਘ ਦੀ ਲੜਕੀ ਬੀਬੀ ਜੰਗੀਰ ਕੌਰ ਨਾਲ ਹੋਈ ਸੀ। ਕੁੱਝ ਕਾਰਨਾਂ ਕਰ ਕੇ ਬੀਬੀ ਜੰਗੀਰ ਕੌਰ ਨੂੰ ਆਪਣੀ ਜ਼ਿੰਦਗੀ ਦਾ ਬਹੁਤਾ ਸਮਾਂ ਆਪਣੇ ਇਸੇ ਪੇਕੇ ਪਿੰਡ ‘ਚ ਹੀ ਗੁਜ਼ਾਰਨਾ ਪਿਆ ਅਤੇ ਲਗਭਗ ਪੈਤੀਂ ਸਾਲ ਪਹਿਲਾਂ ਇੱਥੇ ਹੀ ਉਸ ਦਾ ਦਿਹਾਂਤ ਹੋਇਆ। ਇਹਨਾਂ ਦੇ ਪੇਟੋਂ ਬੀਬਾ ਚਰਨਜੀਤ ਕੌਰ, ਜੋ ਅੱਜਕਲ੍ਹ ਪਟਿਆਲਾ ਵਿਖੇ ਆਪਣੇ ਪਰਿਵਾਰ ਸਮੇਤ ਰਹਿ ਰਹੀ ਹੈ, ਨੇ ਦੱਸਿਆ, ”ਪਾਪਾ ਜੀ ਚੀਫ਼ ਕਾਲਜ ਲਾਹੌਰ ‘ਚ ਦਾਖਿਲ ਹੋਏ, ਅਤੇ ਉੱਥੇ ਇੱਕ ਮੁੰਡਾ ਬਾਬਰ ਅਲੀ ਸਭ ਤੋਂ ਵੱਧ ਹੁਸ਼ਿਆਰ ਸੀ। ਹਰ ਵਾਰੀ ਅਵੱਲ ਨੰਬਰ ਆਉਂਦਾ ਸੀ। ਜਦ ਪਾਪਾ ਜੀ ਦਾਖਲ ਹੋਏ, ਪੇਪਰ ਦਿੱਤੇ ਤਾਂ ਪਾਪਾ ਜੀ ਉਸੋਂ ਵੀ ਵੱਧ ਨੰਬਰ ਲੈ ਗਏ। ਉਸ ਮੁੰਡੇ ਦੇ ਘਰ ਵਾਲੇ ਆਖਣ ਲੱਗੇ ਕਿ ਕੌਣ ਹੋਇਆ ਇਹ ਮੁੰਡਾ? ਉਸ ਨੂੰ ਘਰ ਸੱਦ ਕੇ ਮਿਲੀਏ। ਪਾਪਾ ਜੀ ਉਹਨਾ ਦੇ ਘਰ ਗਏ, ਉਹ ਫ਼ਿਰੋਜ਼ਪੁਰ ਰਹਿੰਦੇ ਸੀ। ਬਸ ਉਸ ਦਿਨ ਤੋਂ ਬਾਬਰ ਅਲੀ ਨਾਲ ਐਸੀ ਦੋਸਤੀ ਪਈ ਕਿ ਹੁਣ ਤਕ ਵੀ ਕਾਇਮ ਹੈ ਉਹ ਦੋਸਤੀ। ਫ਼ਿਰ ਜਦ 1971 ਦੀ ਜੰਗ ਲੱਗੀ ਤਾਂ ਪਾਪਾ ਜੀ ਕਹਿਣ ਕਿ ਹੇ ਸੱਚੇ ਪਾਤਸ਼ਾਹ, ਮੇਰੇ ਯਾਰ ਬਾਬਰ ਅਲੀ ਦੇ ਘਰ ‘ਤੇ ਬੰਬ ਨਾ ਡਿੱਗੇ … ਜਦ ਪਾਪਾ ਜੀ ਅਸਟ੍ਰੇਲੀਆ ਗਏ ਤਾਂ ਮੈਂ ਸਕੂਲ ਪੜ੍ਹਦੀ ਸਾਂ, ਉਥੋਂ ਮੈਨੂੰ ਚਿੱਠੀਆਂ ਲਿਖੀਆਂ ਕਿ ਬੇਟੀ ਪੜ੍ਹਾਈ ਵਲੋਂ ਅਵੇਸਲੀ ਨਾ ਹੋਵੀਂ।”
ਬਰਾੜ ਆਖਦੇ, ”ਜੇ ਮੇਰਾ ਦੁਬਾਰਾ ਜਨਮ ਹੋਵੇ ਤਾਂ ਮੈਨੂੰ ਲਾਹੌਰ ਕਾਲਜ ‘ਚ ਪੜ੍ਹਨ ਦਾ ਮੌਕਾ ਮਿਲੇ … ਉਥੋਂ ਦੀਆਂ ਯਾਦਾਂ ਬਹੁਤ ਸੁਹਾਵਣੀਆਂ ਸਨ।”ਸ਼ਰਾਬ ਨੂੰ ਬਹੁਤ ਨਫ਼ਰਤ ਕਰਦੇ। ਸ਼ੁਰੂ ਤੋਂ ਹੀ ਨਹੀਂ ਪੀਤੀ। ਕਿਹਾ ਕਰਦੇ, ”ਹੋਰ ਬਹੁਤ ਕੁੱਝ ਹੈ ਖਾਣ-ਪੀਣ ਲਈ … ਵਧੀਆ ਖ਼ੁਰਾਕਾਂ ਨੇ … ਉਹ ਲਵੋ।”ਉਹ ਆਖਦੇ ਸਨ, ”ਜੇ ਮੈਨੂੰ ਪਤਾ ਲੱਗਜੇ ਬਈ ਸ਼ਾਮ ਵੇਲੇ ਮੇਰਾ ਫ਼ਲਾਂ ਵਰਕਰ ਮਿਲਣ ਆਇਆ ਹੈ ਤੇ ਏਹ ਦਾਰੂ ਪੀਂਦੈ … ਮੈਂ ਨਹੀਂ ਮਿਲਦਾ … ਦਾਰੂ ਵਾਲੇ ਨੂੰ, ਭਾਵੇਂ ਅਗਲਾ ਗੁੱਸਾ ਕਰੇ।”
ਮੈਂ ਆਪਣੇ ਬੁੱਟਰ ਪਿੰਡ ਵਾਲੇ ਦੋਸਤਾਂ ਨਾਲ ਸਬੱਬੀਂ ਮਿਲਿਆ ਤੇ ਇੱਕ ਵਾਰ ਬੈਠੇ-ਬੈਠੇ ਜਦ ਉਹਨਾਂ ਨੂੰ ਪੁੱਛਿਆ ਸੀ ਕਿ ਤੁਹਾਡਾ ਸਿਆਸਤ ‘ਚ ਦਾਖਲਾ ਕਿਵੇਂ ਹੋਇਆ ਸੀ ਤਾਂ ਉਹ ਧੀਮੀਂ ਗਤੀ ਦੇ ਸਮਾਚਾਰ ਪੜ੍ਹ ਰਹੇ ਰੇਡੀਓ ਅਨਾਊਂਸਰ ਵਾਂਗ ਦੱਸਣ ਲੱਗੇ ਸਨ, ”ਮੇਰੇ ਸਿਆਸੀ ਜੀਵਨ ਦਾ ਆਰੰਭ ਸੰਨ 1954 ‘ਚ ਹੋਇਆ, ਇੱਕ ਸਾਧ ਸੰਗਤ ਬੋਰਡ ਬਣਿਆ ਸੀ ਅਤੇ ਸ੍ਰੋਮਣੀ ਕਮੇਟੀ ਦੇ ਮੈਂ?ਬਰ ਵਜੋਂ ਮੈਂ ਚੋਣ ਲੜੀ। ਸੰਪੂਰਨ ਸਿੰਘ ਵੜਿੰਗ ਤੋਂ ਮੈਂ ਹਾਰ ਗਿਅ, ਅਤੇ ਸੰਨ ਸਤਵੰਜਾ ‘ਚ ਮੈਂ ਪਹਿਲੀ ਵਾਰੀ ਵਿਧਾਇਕ ਬਣਿਆ … ਫ਼ਿਰ ਚੱਲ ਸੋ ਚੱਲ।”ਆਪਣੇ ਘੋੜਿਆਂ ਦੇ ਫ਼ਾਰਮਾਂ ਅਤੇ ਆਪਣੇ ਸ਼ੌਕ ਬਾਰੇ ਉਹ ਅਕਸਰ ਕਿਹਾ ਕਰਦੇ ਸਨ, ਇਹ ਮੈਨੂੰ ਸਭ ਤੋਂ ਪਹਿਲਾਂ ਐਂ … ਸ਼ੌਂਕ ਰਿਹੈ ਮੇਰਾ ਤੇ ਫ਼ੇਰ ਕਿੱਤੇ ‘ਚ ਬਦਲ ਗਿਆ … ਦੂਰ-ਦੂਰ ਤਕ ਸਟੱਡ ਫ਼ਾਰਮਾਂ ਦਾ ਨਾਂ ਹੋ ਗਿਆ … ਪਹਿਲਾਂ ਗੁਰੂ ਗੋਬਿੰਦ ਸਿੰਘ ਸਟੱਡ ਫ਼ਾਰਮ ਤੇ ਫ਼ਿਰ ਦੂਜਾ ਗੁਰੂ ਹਰਗੋਬਿੰਦ ਸਟੱਡ ਫ਼ਾਰਮ ਬਣਾਏ … ਨਿੱਕਾ ਹੁੰਦਾ ਮੈਂ ਘੁਲਦਾ ਵੀ ਬਹੁਤ ਰਿਹਾ।”ਬਰਾੜ ਸਾਹਬ ਦੀਆਂ ਗੱਲਾਂ ਰੋਚਕ ਲੱਗ ਰਹੀਆਂ ਸਨ।
(ਬਾਕੀ ਅਗਲੇ ਹਫ਼ਤੇ)