ਚੀਮਾ ਵੱਲੋਂ ਕੇਂਦਰੀ ਵਿੱਤ ਮੰਤਰੀ ਨੂੰ IGST ਦੇ ਨਿਪਟਾਰੇ ਲਈ ਨਿੱਜੀ ਦਖਲ ਦੀ ਮੰਗ

ਚੰਡੀਗੜ੍ਹ : ਪੰਜਾਬ ਦੇ ਵਿੱਤ, ਯੋਜਨਾਬੰਦੀ, ਆਬਕਾਰੀ ਅਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਆਈ.ਜੀ.ਐੱਸ.ਟੀ. ਦੇ ਨਿਪਟਾਰੇ ਲਈ ਸੂਬੇ ‘ਚ ਰਜਿਸਟਰਡ ਟੈਕਸਦਾਤਾਵਾਂ ਵੱਲੋਂ ਇਨਪੁਟ ਟੈਕਸ ਕ੍ਰੈਡਿਟ (ਆਈ.ਟੀ.ਸੀ.) ਦੀ ਵਾਪਸੀ ਨੂੰ ਵਿਚਾਰਨ ਲਈ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਤੋਂ ਨਿੱਜੀ ਦਖਲ ਦੀ ਮੰਗ ਕੀਤੀ ਹੈ। ਕੇਂਦਰੀ ਵਿੱਤ ਮੰਤਰੀ ਨੂੰ ਲਿਖੇ ਪੱਤਰ ਵਿੱਚ ਹਰਪਾਲ ਚੀਮਾ ਨੇ ਕਿਹਾ ਕਿ ਇਹ ਦੇਖਿਆ ਗਿਆ ਹੈ ਕਿ ਭਾਵੇਂ ਸੂਬੇ ਵਿੱਚ ਰਜਿਸਟਰਡ ਟੈਕਸਦਾਤਾਵਾਂ ਨੇ ਇਨਪੁਟ ਟੈਕਸ ਕ੍ਰੈਡਿਟ ਦੀ ਵੱਡੀ ਰਕਮ ਨੂੰ ਵਾਪਸ ਕੀਤਾ ਹੈ ਪਰ ਆਈ.ਜੀ.ਐੱਸ.ਟੀ. ਦੇ ਨਿਪਟਾਰੇ ਲਈ ਇਸ ਬਾਰੇ ਵਿਚਾਰ ਨਹੀਂ ਕੀਤਾ ਗਿਆ ਹੈ।
ਚੀਮਾ ਨੇ ਉਦਾਹਰਨ ਦਿੰਦਿਆਂ ਕਿਹਾ ਕਿ ਮੈਸਰਜ਼ ਐੱਚ.ਪੀ.ਸੀ.ਐੱਲ. ਮਿੱਤਲ ਐਨਰਜੀ ਲਿਮਟਿਡ (ਜੀ.ਐੱਸ.ਟੀ.ਆਈ.ਐੱਨ. 03AABCG5231FIZ8) ਵੱਲੋਂ ਵਿੱਤੀ ਸਾਲ 2018-19 ਵਿੱਚ 223 ਕਰੋੜ ਰੁਪਏ, ਵਿੱਤੀ ਸਾਲ 2019-20 ‘ਚ 230 ਕਰੋੜ ਰੁਪਏ ਅਤੇ ਵਿੱਤੀ ਸਾਲ 2020-21 ‘ਚ 227 ਕਰੋੜ ਰੁਪਏ ਦੀ ਆਈ.ਟੀ.ਸੀ. ਵਾਪਸ ਕੀਤੀ ਗਈ। ਉਕਤ ਮਿਆਦ ਲਈ ਆਈ.ਜੀ.ਐੱਸ.ਟੀ. ਨਿਪਟਾਰਾ ਕਰਨ ਦੀ ਪ੍ਰਕਿਰਿਆ ਦੌਰਾਨ ਉਪਰੋਕਤ ਰਕਮ ਨੂੰ ਧਿਆਨ ਵਿੱਚ ਨਹੀਂ ਰੱਖਿਆ ਗਿਆ, ਜਿਸ ਨਾਲ ਮਾਲੀਏ ਸਬੰਧੀ ਸੂਬੇ ਦੇ ਉਚਿਤ ਹਿੱਸੇ ਨੂੰ ਅਣਗੌਲਿਆ ਗਿਆ ਹੈ। ਉਨ੍ਹਾਂ ਅੱਗੇ ਕਿਹਾ, “ਮੈਨੂੰ ਸੂਚਿਤ ਕੀਤਾ ਗਿਆ ਹੈ ਕਿ ਇਹ ਮੁੱਦਾ ਸਾਡੇ ਅਧਿਕਾਰੀਆਂ ਵੱਲੋਂ ਭਾਰਤ ਸਰਕਾਰ ਕੋਲ ਲਗਾਤਾਰ ਉਠਾਇਆ ਗਿਆ ਹੈ ਪਰ ਅਜੇ ਤੱਕ ਇਸ ਸਬੰਧੀ ਕੋਈ ਹੱਲ ਨਹੀਂ ਨਿਕਲਿਆ।”
ਸੂਬੇ ਦੇ ਮਾਲੀਏ ਸਬੰਧੀ ਇਸ ਮੁੱਦੇ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਚੀਮਾ ਨੇ ਕੇਂਦਰੀ ਮੰਤਰੀ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਦੇ ਜਲਦ ਤੋਂ ਜਲਦ ਹੱਲ ਲਈ ਉਨ੍ਹਾਂ ਦਾ ਨਿੱਜੀ ਦਖਲ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੀ.ਐੱਸ.ਟੀ. ਮੁਆਵਜ਼ਾ ਪ੍ਰਣਾਲੀ ਦੀ ਮਿਆਦ ਖ਼ਤਮ ਹੋਣ ਨਾਲ ਇਸ ਮੁੱਦੇ ਦੀ ਮਹੱਤਤਾ ਹੋਰ ਵਧੀ ਹੈ।