ਸ਼੍ਰੀਨਗਰ- ਪੀਪੁਲਜ਼ ਡੈਮੋਕ੍ਰੇਟਿਕ ਪਾਰਟੀ (PDP) ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਕਸ਼ਮੀਰੀ ਪੰਡਤ ਸੁਨੀਲ ਕੁਮਾਰ ਭੱਟ ਦੇ ਪਰਿਵਾਰ ਨੂੰ ਮਿਲਣ ਤੋਂ ਰੋਕਣ ਲਈ ਘਰ ’ਚ ਨਜ਼ਰਬੰਦ ਕਰ ਕੇ ਰੱਖਿਆ ਗਿਆ ਹੈ। ਭੱਟ ਦਾ ਹਾਲ ਹੀ ’ਚ ਸ਼ੋਪੀਆਂ ’ਚ ਅੱਤਵਾਦੀਆਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਮੁਫ਼ਤੀ ਨੇ ਸ਼੍ਰੀਨਗਰ ਦੇ ਗੁਪਕਰ ਇਲਾਕੇ ’ਚ ਆਪਣੀ ਰਿਹਾਇਸ਼ ਦੇ ਬੰਦ ਦਰਵਾਜ਼ਿਆਂ ਅਤੇ ਬਾਹਰ ਖੜ੍ਹੀ ਸੀ. ਆਰ. ਪੀ. ਐੱਫ. ਦੀ ਇਕ ਗੱਡੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਦੀਆਂ ‘ਸੰਵੇਦਨਸ਼ੀਲ ਨੀਤੀਆਂ’ ਕਾਰਨ ਕਸ਼ਮੀਰੀ ਪੰਡਤਾਂ ਦੇ ਕਤਲ ਕੀਤੇ ਜਾ ਰਹੇ ਹਨ। ਭਾਰਤ ਸਰਕਾਰ ਆਪਣੀ ਸੰਵੇਦਨਸ਼ੀਲ ਨੀਤੀਆਂ ਜ਼ਰੀਏ ਕਸ਼ਮੀਰੀ ਪੰਡਤਾਂ ਦੀ ਦਸ਼ਾ ਨੂੰ ਹੋਰ ਬੱਦਤਰ ਬਣਾਉਣਾ ਚਾਹੁੰਦੀ ਹੈ। ਇਨ੍ਹਾਂ ਨੀਤੀਆਂ ਦੇ ਚੱਲਦੇ ਉਨ੍ਹਾਂ ਲੋਕਾਂ ਦਾ ਨਿਸ਼ਾਨਾ ਬਣਾ ਕੇ ਕਤਲ ਕੀਤਾ ਗਿਆ, ਜਿਨ੍ਹਾਂ ਨੇ ਪਲਾਇਨ ਨਾ ਕਰਨ ਦਾ ਫ਼ੈਸਲਾ ਕੀਤਾ।
ਮਹਿਬੂਬਾ ਨੇ ਅੱਗੇ ਕਿਹਾ ਕਿ ਮੈਨੂੰ ਆਪਣੇ ਮੁੱਖ ਦੁਸ਼ਮਣ ਦੇ ਰੂਪ ’ਚ ਪੇਸ਼ ਕਰਨ ਦੀ ਸੋਚ ਤਹਿਤ ਅੱਜ ਨਜ਼ਰਬੰਦ ਕਰ ਕੇ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਚੋਟੀਗਾਮ ’ਚ ਭੱਟ ਦੇ ਪਰਿਵਾਰ ਨੂੰ ਮਿਲਣ ਦੀ ਉਨ੍ਹਾਂ ਦੀਆਂ ਕੋਸ਼ਿਸ਼ਾਂ ’ਤੇ ਪ੍ਰਸ਼ਾਸਨ ਨੇ ਪਾਣੀ ਫੇਰ ਦਿੱਤਾ। ਇਹ ਪ੍ਰਸ਼ਾਸਨ ਦਾਅਵਾ ਕਰਦਾ ਹੈ ਕਿ ਸਾਨੂੰ ਸਾਡੀ ਸੁਰੱਖਿਆ ਦੇ ਮੱਦੇਨਜ਼ਰ ਨਜ਼ਰਬੰਦ ਕੀਤਾ ਗਿਆ ਹੈ, ਜਦਕਿ ਉਹ ਖ਼ੁਦ ਘਾਟੀ ਦੇ ਹਰ ਕੋਨੇ ’ਚ ਜਾ ਸਕਦੇ ਹਨ।