ਚੰਡੀਗੜ੍ਹ : ਐੱਸ. ਸੀ. ਭਾਈਚਾਰੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੱਡਾ ਐਲਾਨ ਕਰਦਿਆਂ ਆਖਿਆ ਹੈ ਕਿ ਹੁਣ ਏ. ਜੀ. ਦਫਤਰ ਵਿਚ ਐੱਸ. ਸੀ. ਭਾਈਚਾਰੇ ਲਈ ਰਾਖਵਾਂ ਰੱਖੀਆਂ ਜਾਣਗੀਆਂ। ਇਕ ਵੀਡੀਓ ਸੰਦੇਸ਼ ਰਾਹੀਂ ਇਹ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਏ. ਜੀ. (ਐਡਵੋਕੇਟ ਜਨਰਲ) ਦਫਤਰ ਵਿਚ ਐੱਸ. ਸੀ. ਭਾਈਚਾਰੇ ਦੇ 58 ਲਾਅ ਅਫਸਰਾਂ ਦੀਆਂ ਨਿਯਕਤੀ ਕੀਤੀਆਂ ਜਾਣਗੀਆਂ। ਮੁੱਖ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਏ. ਜੀ. ਦਫ਼ਤਰ ’ਚ ਰਾਖਵਾਂਕਰਨ ਲਾਗੂ ਕਰਨ ਵਾਲਾ ਪੰਜਾਬ ਦੇਸ਼ ਭਰੋਂ ’ਚੋਂ ਪਹਿਲਾ ਸੂਬਾ ਬਣ ਗਿਆ ਹੈ।
ਸਰਕਾਰ ਨੇ 58 ਪੋਸਟਾਂ ਐੱਸ. ਸੀ. ਭਾਈਚਾਰੇ ਲਈ ਰਾਖਵੀਆਂ ਰੱਖੀਆਂ ਹਨ। ਮਾਨ ਨੇ ਕਿਹਾ ਕਿ ਅਸੀਂ ਗਾਰੰਟੀਆਂ ਦਿੱਤੀਆਂ ਅਤੇ ਵਾਅਦੇ ਕੀਤੇ ਤਾਂ ਇਹ ਵੀ ਕਿਹਾ ਕਿ ਜੇ ਸਾਡੀ ਸਰਕਾਰ ਬਣੀ ਤਾਂ ਅਸੀਂ ਬਾਬਾ ਸਾਹਿਬ ਦੇ ਦੱਸੇ ਰਸਤੇ ’ਤੇ ਚੱਲਣ ਦੀ ਕੋਸ਼ਿਸ਼ ਕਰਾਂਗੇ ਅਤੇ ਲੋਕਾਂ ਵੀ ਪ੍ਰੇਰਤ ਕਰਾਂਗਾ। ਇਹ ਕਦਮ ਬਾਬਾ ਸਾਹਿਬ ਅੰਬੇਡਕਰ ਦੇ ਦੱਸੇ ਰਸਤੇ ’ਤੇ ਚੱਲਦਿਆਂ ਹੀ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਸਕੂਲ ਸ਼ਾਨਦਾਰ ਬਣਨਗੇ ਤਾਂ ਬਾਕੀਆਂ ਦੇ ਨਾਲ-ਨਾਲ ਗਰੀਬਾਂ ਦੇ ਬੱਚਿਆਂ ਨੂੰ ਵੀ ਚੰਗੀ ਸਿੱਖਿਆ ਮਿਲੇਗੀ, ਆਮ ਆਦਮੀ ਕਲੀਨਿਕ ਵਿਚ ਗਰੀਬਾਂ ਦਾ ਇਲਾਜ ਹੋ ਰਿਹਾ ਹੈ। ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਲੋਕਾਂ ਨਾਲ ਜਿਹੜੇ ਵੀ ਵਾਅਦੇ ਕੀਤੇ ਗਏ, ਉਨ੍ਹਾਂ ਨੂੰ ਪੰਜਾਬ ਸਰਕਾਰ ਹਰ ਹਾਲ ਵਿਚ ਪੂਰਾ ਕਰੇਗੀ।