ਬਿਹਾਰ ’ਚ ਮੁੜ ‘ਜੰਗਲ ਰਾਜ’ ਦੀ ਵਾਪਸੀ : ਭਾਜਪਾ

ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ ਨੇ ਬਿਹਾਰ ’ਚ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਮਹਾਗਠਜੋੜ ਸਰਕਾਰ ਦੇ ਗਠਨ ਤੋਂ ਬਾਅਦ ਅਪਰਾਧ ਦੀਆਂ ਵੱਖ-ਵੱਖ ਘਟਨਾਵਾਂ ਦਾ ਹਵਾਲਾ ਦਿੰਦੇ ਹੋਏ ਸ਼ੁੱਕਰਵਾਰ ਦਾਅਵਾ ਕੀਤਾ ਕਿ ਸੂਬੇ ’ਚ ਇਕ ਵਾਰ ਫਿਰ ‘ਜੰਗਲ ਰਾਜ’ ਵਾਪਸ ਆ ਗਿਆ ਹੈ। ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਇੱਥੇ ਪਾਰਟੀ ਹੈੱਡਕੁਆਰਟਰ ’ਚ ਆਯੋਜਿਤ ਪ੍ਰੈੱਸ ਕਾਨਫਰੰਸ ’ਚ ਦੱਸਿਆ ਕਿ 10 ਅਗਸਤ ਤੋਂ 12 ਅਗਸਤ ਦਰਮਿਆਨ ਬਿਹਾਰ ’ਚ ਪੱਤਰਕਾਰਾਂ ਸਮੇਤ ਕਈ ਲੋਕਾਂ ਦੀ ਹੱਤਿਆ ਕਰ ਦਿੱਤੀ ਗਈ । ਇਕ ਪੁਜਾਰੀ ਦਾ ਗਲਾ ਵੱਢਿਆ ਗਿਆ। ਉਨ੍ਹਾਂ ਸੂਬੇ ਵਿਚ ਜਬਰ-ਜ਼ਨਾਹ ਦੀਆਂ ਕੁਝ ਘਟਨਾਵਾਂ ਦੇ ਨਾਲ-ਨਾਲ ਛਪਰਾ ਵਿਚ ਨਕਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਦਾ ਵੀ ਜ਼ਿਕਰ ਕੀਤਾ।
ਪਾਤਰਾ ਨੇ ਕਿਹਾ ਕਿ ਸੂਬੇ ਵਿਚ ਅਰਾਜਕਤਾ ਤੇਜ਼ੀ ਨਾਲ ਫੈਲ ਰਹੀ ਹੈ। ਇਹ ਕਹਿਣਾ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਸੂਬੇ ਵਿੱਚ ‘ਜੰਗਲ ਰਾਜ’ ਵਾਪਸ ਆ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਐਨ. ਡੀ. ਏ. ਸਰਕਾਰ ਦੌਰਾਨ ਗ੍ਰਹਿ ਅਤੇ ਆਬਕਾਰੀ ਵਿਭਾਗ ਭਾਜਪਾ ਦੇ ਕੋਲ ਨਹੀਂ ਸਨ, ਫਿਰ ਵੀ ਭਾਜਪਾ ਦੇ ਦਬਾਅ ਹੇਠ ਅਪਰਾਧ ਦੀਆਂ ਸਾਰੀਆਂ ਘਟਨਾਵਾਂ ’ਤੇ ਕਾਬੂ ਪਾਇਆ ਗਿਆ। ਤੇਜਸਵੀ ਯਾਦਵ ਵਲੋਂ 10 ਲੱਖ ਨੌਕਰੀਆਂ ਦੇਣ ਦੇ ਵਾਅਦੇ ਦਾ ਹਵਾਲਾ ਦਿੰਦੇ ਹੋਏ ਭਾਜਪਾ ਬੁਲਾਰੇ ਨੇ ਉਨ੍ਹਾਂ ’ਤੇ ਵੀ ਹਮਲਾ ਬੋਲਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧੀ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ। ਜਦੋਂ ਤੇਜਸਵੀ ਤੋਂ 10 ਲੱਖ ਨੌਕਰੀਆਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਉਹ ਅਜੇ ਮੁੱਖ ਮੰਤਰੀ ਨਹੀਂ ਬਣੇ ਹਨ । ਜਦੋਂ ਉਹ ਮੁੱਖ ਮੰਤਰੀ ਬਣ ਜਾਣਗੇ ਤਾਂ ਨੌਕਰੀਆਂ ਦੇ ਦੇਣਗੇ। ਵਿਰੋਧੀ ਧਿਰ ਦੇ ਨੇਤਾ ਵਜੋਂ ਤੇਜਸਵੀ ਨੇ 2020 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਰ.ਜੇ.ਡੀ. ਦੀ ਚੋਣ ਮੁਹਿੰਮ ਦੀ ਅਗਵਾਈ ਕਰਦੇ ਹੋਏ ਕਿਹਾ ਸੀ ਕਿ ਜੇ ਸੂਬੇ ਵਿੱਚ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਉਹ 10 ਲੱਖ ਨੌਕਰੀਆਂ ਦੇਵੇਗੀ।