ਜਲੰਧਰ/ਫਗਵਾੜਾ – ਸ਼ੂਗਰ ਮਿੱਲ ਵੱਲ ਰਹਿੰਦੇ ਬਕਾਏ ਨੂੰ ਲੈ ਕੇ ਕਿਸਾਨਾਂ ਵੱਲੋਂ ਫਗਵਾੜਾ ’ਚ ਦਿੱਤਾ ਜਾ ਰਿਹਾ ਧਰਨਾ ਲਗਾਤਾਰ ਜਾਰੀ ਹੈ। ਬੇਸ਼ੱਕ ਅੱਜ ਕਿਸਾਨਾਂ ਨੇ ਸਿਰਫ਼ ਇਕ ਪਾਸੇ ਤੋਂ ਹੀ ਸੜਕ ਜਾਮ ਕੀਤੀ ਹੈ। ਕਿਸਾਨ ਲੁਧਿਆਣਾ ਤੋਂ ਜਲੰਧਰ ਵੱਲ ਆ ਰਹੀ ਸੜਕ ’ਤੇ ਬੈਠੇ ਹਨ ਜਦਕਿ ਜਲੰਧਰ ਤੋਂ ਲੁਧਿਆਣਾ ਦਾ ਰਸਤਾ ਪੂਰੀ ਤਰ੍ਹਾਂ ਸਾਫ਼ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਅੱਜ ਸਰਵਿਸ ਲੇਨ ਵੀ ਚੱਲਣੀ ਸ਼ੁਰੂ ਹੋ ਗਈ ਹੈ, ਜਿਸ ਕਰਕੇ ਟ੍ਰੈਫਿਕ ’ਚ ਜ਼ਿਆਦਾ ਸਮੱਸਿਆ ਨਹੀਂ ਆ ਰਹੀ ਹੈ। ਉਥੇ ਹੀ ਅੱਜ ਧਰਨੇ ਵਿਚ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਵੀ ਸ਼ਾਮਲ ਹੋਏ।
ਇਥੇ ਦੱਸਣਯੋਗ ਹੈ ਕਿ ਸ਼ੁੱਕਰਵਾਰ ਕਿਸਾਨ ਸ਼ੂਗਰ ਮਿੱਲ ਚੌਂਕ ’ਚ ਦੋਵੇਂ ਪਾਸੇ ਧਰਨੇ ’ਤੇ ਬੈਠ ਗਏ ਸਨ, ਕਿਸਾਨਾਂ ਵੱਲੋਂ ਪੂਰੀ ਤਰ੍ਹਾਂ ਹਾਈਵੇਅ ਨੂੰ ਬਲਾਕ ਕੀਤਾ ਗਿਆ ਸੀ, ਜਿਸ ਕਰਕੇ ਆਉਣ-ਜਾਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ। ਲੋਕਾਂ ਨੂੰ ਟ੍ਰੈਫਿਕ ਸਬੰਧੀ ਕੋਈ ਪਰੇਸ਼ਾਨੀ ਨਾ ਆਵੇ ਇਸ ਕਰਕੇ ਕਿਸਾਨਾਂ ਨੇ ਫ਼ੈਸਲਾ ਕਰਦੇ ਹੋਏ ਅੱਜ ਇਕ ਪਾਸੇ ਤੋਂ ਹੀ ਸੜਕ ਜਾਮ ਕੀਤੀ ਹੈ।
ਇਥੇ ਇਹ ਵੀ ਦੱਸਣਯੋਗ ਹੈ ਕਿ ਫਗਵਾੜਾ ਵਿਚ ਜਾਰੀ ਕਿਸਾਨ ਅੰਦੋਲਨ ਨੂੰ ਲੈ ਕੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੀ ਤਰ੍ਹਾਂ ਨਾਲ ਬੈਕਫੁੱਟ ‘ਤੇ ਆਉਂਦੀ ਹੋਈ ਵਿਖਾਈ ਦੇ ਰਹੀ ਹੈ। ਵਾਪਰੇ ਵੱਡੇ ਘਟਨਾਕ੍ਰਮ ਵਿਚ ਪੰਜਾਬ ਸਰਕਾਰ ‘ਚ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਪੰਜਾਬ ਸਰਕਾਰ ਅਤੇ ਸ਼ੂਗਰ ਮਿੱਲ ਖ਼ਿਲਾਫ਼ ਰੋਸ ਧਰਨਾ ਲਗਾ ਕੇ ਕੌਮੀ ਰਾਜ ਮਾਰਗ ਨੰਬਰ ਇਕ ‘ਤੇ ਬੈਠੇ ਹੋਏ ਕਿਸਾਨਾਂ ਨਾਲ ਮੀਟਿੰਗ ਕੀਤੀ ਗਈ ਸੀ ।
ਮੀਟਿੰਗ ਤੋਂ ਬਾਅਦ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੱਡੀ ਜਾਣਕਾਰੀ ਦਿੰਦੇ ਹੋਏ ਕਿਹਾ ਸੀ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਸ਼ੂਗਰ ਮਿੱਲ ਦੀ ਹਰਿਆਣਾ ਦੇ ਜ਼ਿਲ੍ਹਾ ਫਤਿਹਾਬਾਦ ਦੇ ਪਿੰਡ ਭੂਨਾ ਵਿਖੇ ਜ਼ਮੀਨ ਦੀ ਰਜਿਸਟਰੀ ਅਤੇ ਹਰਿਆਣਾ ਸਰਕਾਰ ਨੂੰ ਚਿੱਠੀ ਲਿਖ ਲਗਾਈ ਗਈ ਰੋਕ ਨੂੰ ਪੂਰੀ ਤਰ੍ਹਾਂ ਨਾਲ ਵਾਪਸ ਲੈ ਲਿਆ ਹੈ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਲਿਖ਼ਤੀ ਤੌਰ ‘ਤੇ ਸਾਰੀ ਕਾਰਵਾਈ ਨੂੰ ਪੂਰਾ ਕਰ ਦਿੱਤਾ ਗਿਆ ਹੈ ਅਤੇ ਇਸ ਜ਼ਮੀਨ ਦੀ ਰਜਿਸਟਰੀ ਹੋਣ ਤੇ ਹੁਣ ਕਿਸੇ ਵੀ ਤਰ੍ਹਾਂ ਦੀ ਕੋਈ ਰੋਕ ਨਹੀਂ ਹੈ। ਉਨ੍ਹਾਂ ਕਿਹਾ ਕਿ ਮਾਮਲੇ ਨੂੰ ਲੈ ਕੇ ਸ਼ੂਗਰ ਮਿੱਲ ਦੇ ਪ੍ਰਬੰਧਕਾਂ ਨਾਲ ਵੀ ਗੱਲਬਾਤ ਕੀਤੀ ਜਾਵੇਗੀ ਅਤੇ ਇਸ ਜ਼ਮੀਨ ਦੇ ਸੌਦੇ ਨੂੰ ਪੂਰਾ ਹੋਣ ਤੋਂ ਬਾਅਦ ਸਰਕਾਰੀ ਪੱਧਰ ‘ਤੇ ਯਕੀਨੀ ਬਣਾਇਆ ਜਾਵੇਗਾ ਕਿ ਜ਼ਮੀਨ ਦੀ ਸੇਲ ਤੋਂ ਮਿਲਣ ਵਾਲੇ ਕਰੋੜਾਂ ਰੁਪਏ ਦੀ ਰਕਮ ਨੂੰ ਕਿਸਾਨਾਂ ਦੇ ਖਾਤਿਆਂ ਵਿਚ ਪਾਇਆ ਜਾਵੇ।