ਸਾਡੇ ‘ਚੋਂ ਸਭ ਤੋਂ ਮਹਾਨ, ਬੁੱਧੀਮਾਨ ਅਤੇ ਪ੍ਰਤਿਭਾਵਾਨ ਵੀ ਗਾਹੇ-ਬਗਾਹੇ ਵਕਤੀ ਸ਼ੰਕਾ ਦੇ ਸ਼ਿਕਾਰ ਹੋ ਜਾਂਦੇ ਹਨ। ਇਹ ਇੱਕ ਸਿਹਤਮੰਦ ਵਰਤਾਰਾ ਹੈ। ਜ਼ਰਾ ਸੋਚੋ ਕਿ ਉਸ ਤੋਂ ਬਿਨਾਂ ਉਹ ਕਿੰਨੇ ਮਗ਼ਰੂਰ ਹੋ ਸਕਦੇ ਸਨ। ਸਾਨੂੰ ਖ਼ੁਦ ਨੂੰ ਸਵਾਲ ਕਰਨੇ ਪੈਂਦੇ ਅਤੇ ਚਾਹੀਦੇ ਹਨ। ਆਤਮ-ਆਲੋਚਨਾ ਦੀ ਕਾਬਲੀਅਤ ਤੋਂ ਬਿਨਾ, ਅਸੀਂ ਕਦੇ ਵੀ ਆਪਣੀ ਪਿਛਲੀ ਬਿਹਤਰੀਨ ਕਾਰਗੁਜ਼ਾਰੀ ‘ਚ ਸੁਧਾਰ ਨਹੀਂ ਕਰ ਸਕਦੇ … ਉੱਤਮ ਨੂੰ ਸਰਬਉੱਤਮ ਨਹੀਂ ਬਣਾ ਸਕਦੇ। ਫ਼ਿਰ ਵੀ, ਪਰ, ਇੱਕ ਛੋਟਾ ਜਿਹਾ ਨੁਕਸ ਲੱਭਣਾ ਇੱਕ ਗੱਲ ਹੈ ਅਤੇ ਅਸੁਰੱਖਿਆ ਦੀ ਭਾਵਨਾ ਦੀ ਇੱਕ ਬਾਰੂਦੀ ਸੁਰੰਗ ‘ਤੇ ਚੱਲਦੇ ਜਾਣਾ ਬਿਲਕੁਲ ਵੱਖਰੀ। ਤੁਹਾਡੇ ਕੋਲ ਮਾਣ ਕਰਨ ਲਈ ਜੋ ਕੁਝ ਮੌਜੂਦ ਹੈ, ਇਸ ਵਕਤ ਉਸ ‘ਤੇ ਧਿਆਨ ਕੇਂਦ੍ਰਿਤ ਕਰਨਾ ਮਹੱਤਵਪੂਰਨ ਹੈ। ਜਿੰਨੀ ਤੁਸੀਂ ਕਲਪਨਾ ਕਰਦੇ ਹੋ, ਉਹ ਉਸ ਤੋਂ ਕਿਤੇ ਵੱਧ ਹੈ – ਜਿਵੇਂ ਤੁਸੀਂ ਛੇਤੀ ਹੀ ਦੇਖੋਗੇ!

ਤੁਹਾਨੂੰ ਕਿਸੇ ਅਜਿਹੀ ਚੀਜ਼ ‘ਚ ਉਲਝਣ ਲਈ ਕਿਹਾ ਜਾ ਰਿਹੈ ਜਿਹੜੀ ਤੁਹਾਨੂੰ ਸਹਿਜ ਮਹਿਸੂਸ ਨਹੀਂ ਕਰਾਉਂਦੀ। ਤੁਹਾਨੂੰ ਇੱਕ ਅਜਿਹੀ ਕਹਾਣੀ ਸੁਣਾਈ ਜਾ ਰਹੀ ਹੈ ਜਿਸ ‘ਤੇ ਤੁਸੀਂ ਪੂਰੀ ਤਰ੍ਹਾਂ ਨਾਲ ਯਕੀਨ ਨਹੀਂ ਕਰਦੇ। ਕੋਈ ਤੁਹਾਨੂੰ ਸੌਖਾ ਮਹਿਸੂਸ ਕਰਾਉਣ ਲਈ ਆਪਣੀ ਵਿੱਤੋਂ ਬਾਹਰ ਜਾ ਰਿਹਾ ਹੈ, ਅਤੇ ਇਹ ਤੁਹਾਨੂੰ ਬੇਚੈਨ ਕਰ ਰਿਹੈ। ਇੱਕ ਮੁੱਦਾ ਹੈ ਜਿਸ ਬਾਰੇ ਤੁਸੀਂ ਗੱਲ ਕਰਨਾ ਚਾਹੁੰਦੇ ਹੋ, ਇੱਕ ਜਵਾਬ ਜਿਸ ‘ਤੇ ਤੁਸੀਂ ਸਵਾਲ ਕਰਨਾ ਚਾਹੁੰਦੇ ਹੋ, ਦਬਾਅ ਦਾ ਇੱਕ ਸ੍ਰੋਤ ਜਿਸ ਅੱਗੇ ਤੁਸੀਂ ਗੋਡੇ ਨਹੀਂ ਟੇਕਣਾ ਚਾਹੁੰਦੇ। ਕੀ ਇਹ ਤੁਹਾਡੀ ਗ਼ੁਸਤਾਖ਼ੀ ਹੈ? ਇਹ ਸਭ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਤੁਸੀਂ ਆਪਣੀ ਅੰਤਰਪ੍ਰੇਰਣਾ ਅਤੇ ਨਿਰਣੇ ਲੈਣ ਦੀ ਕਾਬਲੀਅਤ ‘ਚ ਕਿੰਨਾ ਯਕੀਨ ਰੱਖਦੇ ਹੋ। ਜਿੰਨਾ ਚਿਰ ਤੁਸੀਂ ਉਸ ਵਿੱਚ ਵਿਸ਼ਵਾਸ ਜਤਾਓਗੇ, ਸਭ ਕੁਝ ਠੀਕ ਹੋਵੇਗਾ।

ਕੌਣ ਸੱਚਮੁੱਚ ਤੁਹਾਨੂੰ ਸਮਝਦਾ ਅਤੇ ਤੁਹਾਡੀ ਕਦਰ ਕਰਦਾ ਹੈ? ਕੌਣ ਤੁਹਾਡੀ ਹਮਾਇਤ ਕਰਦਾ ਹੈ, ਤੁਹਾਡੀ ਕੀਮਤ ਸਮਝਦਾ ਹੈ ਅਤੇ ਤੁਹਾਡੀ ਕਦਰ ਕਰਦਾ ਹੈ? ਅਤੇ ਕੌਣ ਕੇਵਲ ਤੁਹਾਨੂੰ ਖ਼ੁਸ਼ਫ਼ਹਿਮੀ ‘ਚ ਰੱਖ ਰਿਹਾ ਹੈ? ਇਹ ਆਖ਼ਰੀ ਸਵਾਲ ਤੁਹਾਡੇ ਅੱਗੇ ਅਚਾਨਕ ਸੁੱਟਣ ਲਈ ਮੁਆਫ਼ੀ ਚਾਹੁੰਨਾਂ, ਪਰ ਉਸ ਸਵਾਲ ਨੂੰ ਇਸ ਸੰਵਾਦ ‘ਚ ਸ਼ਾਮਿਲ ਕੀਤੇ ਬਿਨਾ, ਭਾਵੇਂ ਘੱਟੋਘੱਟ ਇੱਕ ਪਲ ਲਈ ਹੀ ਸਹੀ, ਅਸੀਂ ਉਸ ਦੀ ਨੇੜਿਓਂ ਘੋਖ ਕਰ ਕੇ ਉਹਦੀ ਹੋਂਦ ਨੂੰ ਸਦਾ ਲਈ ਨਕਾਰ ਨਹੀਂ ਸਕਦੇ। ਹੈਰਾਨੀ ਦੀ ਗੱਲ ਇਹ ਹੈ ਕਿ ਕਿਵੇਂ ਅਸੀਂ ਉਸ ਸਾਰੀ ਇਮਾਨਦਾਰ ਪਰਵਾਹ ਅਤੇ ਪ੍ਰਸ਼ੰਸਾ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ ਜਿਹੜੀ ਸਾਨੂੰ ਕੁਝ ਲੋਕਾਂ ਤੋਂ ਮਿਲਦੀ ਹੈ, ਪਰ ਫ਼ਿਰ ਵੀ, ਪੂਰੇ ਜੋਸ਼ ਨਾਲ, ਉਨ੍ਹਾਂ ਦੀ ਸਤਹੀ ਪ੍ਰਵਾਨਗੀ ਸਦਾ ਚਾਹੁੰਦੇ ਹਾਂ ਜਿਨ੍ਹਾਂ ਲੋਕਾਂ ਦੀ ਸਾਡੀ ਜ਼ਿੰਦਗੀ ‘ਚ ਕੋਈ ਅਹਿਮੀਅਤ ਹੀ ਨਹੀਂ ਹੁੰਦੀ। ਪ੍ਰਾਥਮਿਕਤਾਵਾਂ ਦੀ ਜਾਂਚ ਕਰਨ ਦੀ ਲੋੜ ਹੈ। ਉਸ ‘ਚੋਂ ਨਿਕਲੇਗਾ ਇੱਕ ਕੀਮਤੀ ਨਜ਼ਰੀਆ।

ਹਾਲ ਹੀ ਵਿੱਚ ਤੁਸੀਂ ਔਖੇ ਫ਼ੈਸਲੇ ਕੀਤੇ ਨੇ। ਤੁਹਾਨੂੰ ਪਤੈ ਤੁਸੀਂ ਸਹੀ ਹੋ, ਪਰ ਤੁਸੀਂ ਇਹ ਵੀ ਸੋਚਦੇ ਹੋ ਕਿ ਕਾਸ਼ ਤੁਸੀਂ ਗ਼ਲਤ ਹੁੰਦੇ। ਤੁਹਾਨੂੰ ਇਹ ਸ਼ੱਕ ਹੈ ਕਿ ਪਤਾ ਨਹੀਂ ਕਿਉਂ ਠੀਕ ਹੋਣਾ ਗ਼ਲਤ ਹੈ। ਇਹ ਨਿਰਸੰਦੇਹ ਅਸੁਵਿਧਾਜਨਕ ਹੈ, ਘੱਟੋਘੱਟ ਕੁਝ ਸਮੇਂ ਲਈ। ਹੁਣ, ਕਿਉਂਕਿ ਤੁਸੀਂ ਆਪਣਾ ਫ਼ੈਸਲਾ ਕਰ ਚੁੱਕੇ ਹੋ, ਤੁਸੀਂ ਉਸੇ ਤਰ੍ਹਾਂ ਅੱਗੇ ਵਧਣਾ ਜਾਰੀ ਨਹੀਂ ਰੱਖ ਸਕਦੇ ਜਿਵੇਂ ਪਹਿਲਾਂ ਕਰਦੇ ਸੀ। ਇਹ ਉਦਾਸ ਹੋਣ ਜਾਂ ਆਪਣਾ ਜੀ ਛੋਟਾ ਕਰਨ ਦਾ ਕੋਈ ਕਾਰਨ ਨਹੀਂ। ਇਹ ਹੈ ਪ੍ਰੇਰਿਤ ਅਤੇ ਦ੍ਰਿੜ ਮਹਿਸੂਸ ਦਾ ਇੱਕ ਕਾਰਨ। ਬਹੁਤ ਜਲਦ, ਤੁਸੀਂ ਸ਼ੁਕਰਗ਼ੁਜ਼ਾਰ ਹੋਵੇਗੇ ਕਿ ਤੁਸੀਂ ਇੰਨੇ ਬਹਾਦਰ, ਇੰਨੇ ਸਪੱਸ਼ਟ … ਅਤੇ ਇੰਨੇ ਸਹੀ ਸੀ। ਰਵੱਈਏ ਅਤੇ ਨਜ਼ਰੀਏ ‘ਚ ਤਬਦੀਲੀ ਆਵੇਗੀ, ਇੱਕ ਆਨੰਦਮਈ ਤਬਦੀਲੀ!

ਬੇਅੰਤ ਦਿਲਚਸਪ ਸੰਭਾਵਨਾਵਾਂ ਇੰਤਜ਼ਾਰ ਕਰ ਰਹੀਆਂ ਹਨ। ਸ਼ਾਇਦ, ਪਰ, ਤੁਸੀਂ ਇਸ ਗੱਲ ਨਾਲ ਸਹਿਮਤ ਨਹੀਂ। ਸ਼ਾਇਦ ਤੁਹਾਨੂੰ ਕੇਵਲ ਮੁਸ਼ਕਿਲਾਂ ਅਤੇ ਊਣਤਾਈਆਂ ਹੀ ਦਿਖਾਈ ਦੇ ਰਹੀਆਂ ਹਨ। ਮੈਂ ਇਹ ਪਖੰਡ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਕਿ ਉਨ੍ਹਾਂ ਦੀ ਕੋਈ ਹੋਂਦ ਹੀ ਨਹੀਂ। ਪਰ ਫ਼ਿਰ, ਹਾਲਾਤ ਇਸ ਤੋਂ ਵੱਖਰੇ ਵੀ ਕਦੋਂ ਸਨ? ਜੇਕਰ ਤੁਸੀਂ ਉਸ ਵੇਲੇ ਦਾ ਇੰਤਜ਼ਾਰ ਕਰ ਰਹੇ ਹੋ ਜਦੋਂ ਜ਼ਿੰਦਗੀ ਸਮੱਸਿਆਵਾਂ-ਰਹਿਤ ਹੋ ਜਾਵੇਗੀ, ਤੁਹਾਨੂੰ ਸੱਚਮੁੱਚ ਬਹੁਤ ਲੰਬਾ ਇੰਤਜ਼ਾਰ ਕਰਨਾ ਪਵੇਗਾ। ਅਤੇ ਤੁਹਾਡੇ ਉਸ ਇੰਤਜ਼ਾਰ ਦੌਰਾਨ, ਜ਼ਿੰਦਗੀ ਤੁਹਾਡੇ ਕੋਲੋਂ ਲੰਘ ਜਾਵੇਗੀ! ਅਤੇ ਨਾਲ ਹੀ, ਉਹ ਬੇਅੰਤ, ਦਿਲਚਸਪ ਸੰਭਾਵਨਾਵਾਂ ਵੀ। ਸਿਆਣਪ ਹੈ ਉਨ੍ਹਾਂ ਨੂੰ ਬੋਚਣ ਵਿੱਚ, ਬੇਸ਼ੱਕ ਤੁਸੀਂ ਜੋ ਮਰਜ਼ੀ ਸੋਚਦੇ ਹੋਵੋ ਜਾਂ ਤੁਹਾਨੂੰ ਜਿਹੜਾ ਮਰਜ਼ੀ ਡਰ ਸਤਾ ਰਿਹਾ ਹੋਵੇ! ਜਾਦੂ ਨੂੰ ਆਪਣੇ ਜੀਵਨ ‘ਚ ਪ੍ਰਵੇਸ਼ ਕਰਨ ਦਿਓ।