15 ਅਗਸਤ ਨੂੰ ਘਰਾਂ ’ਤੇ ਕੇਸਰੀ ਝੰਡਾ ਲਹਿਰਾਉਣ ਦੇ ਸੱਦੇ ‘ਤੇ ਰਾਜਾ ਵੜਿੰਗ ਦਾ ਵੱਡਾ ਬਿਆਨ

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਗਰਮ ਖਿਆਲੀ ਲੀਡਰਸ਼ਿਪ ਦੇ ਇਕ ਹਿੱਸੇ ਵਲੋਂ ਸੂਬੇ ਦੇ ਸ਼ਾਂਤਮਈ ਮਾਹੌਲ ਨੂੰ ਵਿਗਾੜਨ ਦੀ ਕੋਸ਼ਿਸ਼ ਕਰਨ ਦੀ ਆਲੋਚਨਾ ਕੀਤੀ ਹੈ। ਇਨ੍ਹਾਂ ਨੇਤਾਵਾਂ ਸਮੇਤ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਜਿਨ੍ਹਾਂ ਨੇ ਹਾਲ ਹੀ ਵਿਚ ਭਾਰਤੀ ਸੰਵਿਧਾਨ ਦੀ ਸਹੁੰ ਚੁੱਕੀ, ਸਮੇਤ ਇਨ੍ਹਾਂ ਆਗੂਆਂ ਵਲੋਂ 15 ਅਗਸਤ ਨੂੰ ਆਪਣੇ ਘਰਾਂ ’ਤੇ ਤਿਰੰਗਾ ਲਹਿਰਾਉਣ ਦੀ ਬਜਾਏ ਕੇਸਰੀ ਝੰਡੇ ਲਾਉਣ ਦੇ ਦਿੱਤੇ ਗਏ ਸੱਦੇ ’ਤੇ ਪ੍ਰਤੀਕਰਮ ਦਿੰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਅਜਿਹੀਆਂ ਕਾਰਵਾਈਆਂ ਸਪੱਸ਼ਟ ਤੌਰ ’ਤੇ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਲਈ ਕੀਤੀਆਂ ਜਾ ਰਹੀਆਂ ਹਨ।
ਰਾਜਾ ਵੜਿੰਗ ਨੇ ਕਿਹਾ ਕਿ ਤਿਰੰਗਾ ਸਾਡਾ ਰਾਸ਼ਟਰੀ ਚਿੰਨ੍ਹ ਹੈ ਅਤੇ ਹਰ ਭਾਰਤੀ ਨੂੰ ਇਸਦਾ ਸਨਮਾਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਪਣੇ ਘਰਾਂ ’ਤੇ ਕੇਸਰੀ ਝੰਡੇ ਲਗਾਉਣ ਤੋਂ ਕੋਈ ਨਹੀਂ ਰੋਕਦਾ ਅਤੇ ਹਰ ਕਿਸੇ ਨੂੰ ਖ਼ਾਲਸਾ ਪੰਥ ਦੀ ਮਹਾਨਤਾ ਦੇ ਪ੍ਰਤੀਕ ਕੇਸਰੀ ਰੰਗ ’ਤੇ ਮਾਣ ਕਰਨਾ ਚਾਹੀਦਾ ਹੈ। ਇਸੇ ਤਰ੍ਹਾਂ ਤਿਰੰਗਾ ਭਾਰਤ ਦੀ ਆਜ਼ਾਦੀ ਦਾ ਰਾਸ਼ਟਰੀ ਪ੍ਰਤੀਕ ਹੈ ਅਤੇ ਇਸ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਤਿਰੰਗੇ ਦੀ ਇੱਜ਼ਤ ਦੀ ਰਾਖੀ ਲਈ ਹਜ਼ਾਰਾਂ ਲੋਕਾਂ, ਜਿਨ੍ਹਾਂ ਵਿਚ ਜ਼ਿਆਦਾਤਰ ਪੰਜਾਬੀਆਂ ਅਤੇ ਸਿੱਖਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ ਅਤੇ ਜੋ ਲੋਕ ਇਸਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਹ ਆਪਣੇ ਸ਼ਹੀਦਾਂ ਅਤੇ ਉਨ੍ਹਾਂ ਦੀ ਸ਼ਹਾਦਤ ਦਾ ਅਪਮਾਨ ਕਰ ਰਹੇ ਹਨ। ਕਾਂਗਰਸ ਪਾਰਟੀ ਦਾ ਤਿਰੰਗੇ ਦੀ ਰੱਖਿਆ ਅਤੇ ਸਨਮਾਨ ਲਈ ਕੁਰਬਾਨੀਆਂ ਕਰਨ ਦਾ ਇਤਿਹਾਸ ਰਿਹਾ ਹੈ ਅਤੇ ਅਸੀਂ ਹਮੇਸ਼ਾ ਆਪਣੇ ਆਖਰੀ ਸਾਹ ਅਤੇ ਖ਼ੂਨ ਦੀ ਆਖਰੀ ਬੂੰਦ ਤੱਕ ਅਜਿਹਾ ਕਰਦੇ ਹਾਂ।