ਨਵੀਂ ਦਿੱਲੀ- ਰਾਜ ਸਭਾ ਦੇ ਸਪੀਕਰ ਅਤੇ ਉੱਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਦਾ ਕਾਰਜਕਾਲ 10 ਅਗਸਤ ਨੂੰ ਖ਼ਤਮ ਹੋ ਰਿਹਾ ਹੈ। ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਰਾਜ ਸਭਾ ‘ਚ ਨਾਇਡੂ ਦੀ ਵਿਦਾਇਗੀ ਲਈ ਸੰਬੋਧਨ ਕੀਤਾ। ਇਸ ਦੌਰਾਨ ਪੀ.ਐੱਮ. ਮੋਦੀ ਨੇ ਕਿਹਾ,”ਅੱਜ ਅਸੀਂ ਸਾਰੇ ਇੱਥੇ ਰਾਜ ਸਭਾ ਦੇ ਸਪੀਕਰ ਅਤੇ ਉੱਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਨੂੰ ਉਨ੍ਹਾਂ ਦੇ ਕਾਰਜਕਾਲ ਖ਼ਤਮ ਹੋਣ ‘ਤੇ ਧੰਨਵਾਦ ਦੇਣ ਲਈ ਮੌਜੂਦ ਹਾਂ। ਇਹ ਇਸ ਸਦਨ ਲਈ ਬਹੁਤ ਹੀ ਭਾਵੁਕ ਪਲ ਹੈ। ਸਦਨ ਦੇ ਕਈ ਇਤਿਹਾਸਕ ਪਲ ਤੁਹਾਡੀ ਸ਼ਾਨਦਾਰ ਮੌਜੂਦਗੀ ਨਾਲ ਜੁੜੇ ਹਨ। ਮੈਂ ਨਾਇਡੂ ਜੀ ਤੋਂ ਲੋਕਤੰਤਰ ਬਾਰੇ ਬਹੁਤ ਕੁਝ ਸਿੱਖਿਆ ਹੈ।”
ਇਸ ਵਾਰ ਆਜ਼ਾਦ ਭਾਰਤ ‘ਚ ਪੈਦਾ ਹੋਏ ਮੰਤਰੀ ਮਨਾਉਣਗੇ ਆਜ਼ਾਦੀ ਦਿਹਾੜਾ
ਉਨ੍ਹਾਂ ਕਿਹਾ,”ਤੁਸੀਂ ਕਈ ਵਾਰ ਕਿਹਾ ਹੈ, ਮੈਂ ਰਾਜਨੀਤੀ ਤੋਂ ਸੰਨਿਆਸ ਲੈ ਚੁਕਿਆ ਹੈ ਪਰ ਜਨਤਕ ਜੀਵਨ ਤੋਂ ਨਹੀਂ ਥੱਕ ਰਿਹਾ ਹਾਂ। ਇਸ ਲਈ ਇਸ ਸਦਨ ਦੀ ਅਗਵਾਈ ਕਰਨ ਦੀ ਤੁਹਾਡੀ ਜ਼ਿੰਮੇਵਾਰੀ ਹੁਣ ਖ਼ਤਮ ਹੋ ਸਕਦੀ ਹੈ ਪਰ ਦੇਸ਼ ਦੇ ਨਾਲ-ਨਾਲ ਜਨਤਕ ਜੀਵਨ ਦੇ ਵਰਕਰ ਮੇਰੇ-ਵਰਗੇ ਨੂੰ ਤੁਹਾਡੇ ਅਨੁਭਵਾਂ ਦਾ ਲਾਭ ਮਿਲਦਾ ਰਹੇਗਾ।” ਪੀ.ਐੱਮ. ਮੋਦੀ ਨੇ ਕਿਹਾ,”ਅਸੀਂ ਇਸ ਵਾਰ ਅਜਿਹਾ ਆਜ਼ਾਦੀ ਦਿਹਾੜਾ ਮਨ੍ਹਾ ਰਹੇ ਹਾਂ, ਜਦੋਂ ਦੇਸ਼ ਦੇ ਰਾਸ਼ਟਰਪਤੀ, ਉੱਪ ਰਾਸ਼ਟਰਪਤੀ, ਸਪੀਕਰ ਅਤੇ ਪ੍ਰਧਾਨ ਮੰਤਰੀ ਉਹ ਸਾਰੇ ਲੋਕ ਹਨ, ਜੋ ਆਜ਼ਾਦ ਭਾਰਤ ‘ਚ ਪੈਦਾ ਹੋਏ ਸਨ ਅਤੇ ਇਹ ਸਾਰੇ ਬਹੁਤ ਹੀ ਆਮ ਪਿਛੋਕੜ ਵਾਲੇ ਹਨ। ਮੈਨੂੰ ਲੱਗਦਾ ਹੈ ਕਿ ਇਸ ਦਾ ਪ੍ਰਤੀਕਾਤਮਕ ਮਹੱਤਵ ਹੈ।”
ਨਾਇਡੂ ਜੀ ਨੇ ਕਿਸੇ ਕੰਮ ਨੂੰ ਬੋਝ ਨਹੀਂ ਸਮਝਿਆ
ਉਨ੍ਹਾਂ ਕਿਹਾ,”ਨਿੱਜੀ ਤੌਰ ‘ਤੇ ਇਹ ਮੇਰੀ ਖੁਸ਼ਕਿਸਮਤੀ ਹੈ ਕਿ ਮੈਂ ਤੁਹਾਨੂੰ ਵੱਖ-ਵੱਖ ਭੂਮਿਕਾਵਾਂ ‘ਚ ਕਰੀਬ ਤੋਂ ਦੇਖਿਆ ਹੈ। ਮੈਨੂੰ ਵੀ ਉਨ੍ਹਾਂ ਕੁਝ ਭੂਮਿਕਾਵਾਂ ‘ਚ ਤੁਹਾਡੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਇਕ ਪਾਰਟੀ ਵਰਕਰ ਵਜੋਂ ਤੁਹਾਡੀ ਵਿਚਾਰਕ ਵਚਨਬੱਧਤਾ ਨੂੰ, ਇਕ ਵਿਧਾਇਕ ਦੇ ਰੂਪ ‘ਚ ਤੁਹਾਡੇ ਕੰਮ ਨੂੰ, ਇਕ ਸੰਸਦ ਦੇ ਰੂਪ ‘ਚ ਸਦਨ ‘ਚ ਤੁਹਾਡੀ ਗਤੀਵਿਧੀ ਹੋਵੇ, ਪਾਰਟੀ ਮੁਖੀ ਵਜੋਂ ਤੁਹਾਡੀ ਅਗਵਾਈ, ਮੰਤਰੀ ਮੰਡਲ ਵਿਚ ਤੁਹਾਡੀ ਸਖ਼ਤ ਮਿਹਨਤ ਜਾਂ ਰਾਜ ਸਭਾ ਸਪੀਕਰ ਵਜੋਂ ਤੁਹਾਡੀ ਕ੍ਰਿਪਾ- ਮੈਂ ਤੁਹਾਨੂੰ ਆਪਣੀਆਂ ਸਾਰੀਆਂ ਭੂਮਿਕਾਵਾਂ ਪੂਰੀ ਲਗਨ ਨਾਲ ਕੰਮ ਕਰਦੇ ਦੇਖਿਆ ਹੈ। ਤੁਸੀਂ ਕਦੇ ਵੀ ਕਿਸੇ ਕੰਮ ਨੂੰ ਬੋਝ ਨਹੀਂ ਸਮਝਿਆ, ਤੁਸੀਂ ਹਰ ਕੰਮ ‘ਚ ਨਵੀਂ ਜਾਨ ਦੇਣ ਦੀ ਕੋਸ਼ਿਸ਼ ਕੀਤੀ ਹੈ।”
ਨਾਇਡੂ ਜੀ ਦੇ ਹਰ ਸ਼ਬਦ ਨੂੰ ਸੁਣਿਆ ਜਾਂਦਾ ਹੈ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ,”ਤੁਹਾਡੇ ਵਨ-ਲਾਈਨਰਜ਼ ਵਿਟ ਲਾਈਨਰਜ਼ ਹਨ। ਉਹ ਵਿਨ ਲਾਈਨਰ ਵੀ ਹਨ। ਇਸ ਦਾ ਮਤਲਬ ਹੈ ਕਿ ਉਨ੍ਹਾਂ ਸਤਰਾਂ ਤੋਂ ਬਾਅਦ ਹੋਰ ਕੁਝ ਕਹਿਣ ਦੀ ਜ਼ਰੂਰਤ ਨਹੀਂ ਹੈ। ਤੁਹਾਡਾ ਹਰ ਸ਼ਬਦ ਸੁਣਿਆ ਜਾਂਦਾ ਹੈ, ਪਸੰਦ ਕੀਤਾ ਜਾਂਦਾ ਹੈ ਅਤੇ ਸਨਮਾਨਤ ਕੀਤਾ ਜਾਂਦਾ ਹੈ ਅਤੇ ਕਦੇ ਵੀ ਕਾਊਂਟਰ ਨਹੀਂ ਕੀਤਾ ਜਾਂਦਾ ਹੈ।” ਦੱਸਣਯੋਗ ਹੈ ਕਿ 11 ਅਗਸਤ ਨੂੰ ਨਵੇਂ ਚੁਣੇ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਸਹੁੰ ਚੁਕਣਗੇ।