ਨਵੀਂ ਦਿੱਲੀ – ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਭਾਰਤ ‘ਚ ‘ਲੋਕਤੰਤਰ ਦੀ ਮੌਤ’ ਹੋ ਰਹੀ ਹੈ ਅਤੇ 70 ਸਾਲ ‘ਚ ਦੇਸ਼ ਨੇ ਜੋ ਹਾਸਲ ਕੀਤਾ ਸੀ, ਉਸ ਨੂੰ ਪਿਛਲੇ 8 ਸਾਲਾਂ ‘ਚ ਖ਼ਤਮ ਕਰ ਦਿੱਤਾ ਗਿਆ। ਪਾਰਟੀ ਦੇ ਮਹਿੰਗਾਈ ਅਤੇ ਬੇਰੁਜ਼ਗਾਰੀ ਖ਼ਿਲਾਫ਼ ਪ੍ਰਸਤਾਵਿਤ ਪ੍ਰਦਰਸ਼ਨ ਤੋਂ ਪਹਿਲਾਂ ਉਨ੍ਹਾਂ ਨੇ ਪੱਤਰਕਾਰ ਸੰਮੇਲਨ ‘ਚ ਕਿਹਾ,”ਲੋਕਤੰਤਰ ਦੀ ਮੌਤ ਹੋ ਰਹੀ ਹੈ। ਜੋ ਇਸ ਦੇਸ਼ ਨੇ 70 ਸਾਲ ‘ਚ ਬਣਾਇਆ, ਉਸ ਨੂੰ 8 ਸਾਲਾਂ ‘ਚ ਖ਼ਤਮ ਕਰ ਦਿੱਤਾ ਗਿਆ। ਅੱਜ ਦੇਸ਼ ‘ਚ ਲੋਕਤੰਤਰ ਨਹੀਂ ਹੈ। ਅੱਜ 4 ਲੋਕਾਂ ਦੀ ਤਾਨਾਸ਼ਾਹੀ ਹੈ। ਪੂਰਾ ਦੇਸ਼ ਇਸ ਨੂੰ ਜਾਣਦਾ ਹੈ।”
ਰਾਹੁਲ ਨੇ ਕਿਹਾ,”ਅਸੀਂ ਮਹਿੰਗਾਈ, ਬੇਰੁਜ਼ਗਾਰੀ, ਸਮਾਜ ‘ਚ ਹਿੰਸਾ ਦੀ ਸਥਿਤੀ ਦਾ ਮੁੱਦਾ ਉਠਾਉਣਾ ਚਾਹੁੰਦੇ ਹਨ। ਸਾਨੂੰ ਸੰਸਦ ਦੇ ਬਾਹਰ ਅਤੇ ਅੰਦਰ ਬੋਲਣ ਨਹੀਂ ਦਿੱਤਾ ਜਾਂਦਾ ਹੈ। ਸਰਕਾਰ 2-3 ਵੱਡੇ ਉਦਯੋਗਪਤੀਆਂ ਦੇ ਹਿੱਤ ‘ਚ ਕੰਮ ਕਰ ਰਹੀ ਹੈ।” ਕਾਂਗਰਸ ਮਹਿੰਗਾਈ ਅਤੇ ਬੇਰੁਜ਼ਗਾਰੀ ਖ਼ਿਲਾਫ਼ ਅੱਜ ਰਾਸ਼ਟਰਵਿਆਪੀ ਪ੍ਰਦਰਸ਼ਨ ਕਰੇਗੀ, ਜਿਸ ਦੇ ਅਧੀਨ ਕਾਂਗਰਸ ਕਾਰਜ ਕਮੇਟੀ (ਸੀ.ਡਬਲਿਊ.ਸੀ.) ਦੇ ਮੈਂਬਰਾਂ ਅਤੇ ਪਾਰਟੀ ਦੇ ਸੀਨੀਅਰ ਨੇਤਾਵਾਂ ਦੀ ਪ੍ਰਧਾਨ ਮੰਤਰੀ ਰਿਹਾਇਸ਼ ਦਾ ਘਿਰਾਓ ਕਰਨ ਦੀ ਯੋਜਨਾ ਹੈ। ਮੁੱਖ ਵਿਰੋਧੀ ਦਲ ਅਨੁਸਾਰ, ਕਾਂਗਰਸ ਦੇ ਲੋਕ ਸਭਾ ਅਤੇ ਰਾਜ ਸਭਾ ਮੈਂਬਰ ਸੰਸਦ ਭਵਨ ਤੋਂ ਰਾਸ਼ਟਰਪਤੀ ਭਵਨ ਤੱਕ ਮਾਰਚ ਕੱਢਣਗੇ। ਦੂਜੇ ਪਾਸੇ ਦਿੱਲੀ ਪੁਲਸ ਨੇ ਨਵੀਂ ਦਿੱਲੀ ਜ਼ਿਲ੍ਹੇ ‘ਚ ਧਾਰਾ 144 ਲਾਗੂ ਹੋਣ ਦਾ ਹਵਾਲਾ ਦਿੰਦੇ ਹੋਏ ਸ਼ੁੱਕਰਵਾਰ ਨੂੰ ਰਾਸ਼ਟਰੀ ਰਾਜਧਾਨੀ ‘ਚ ਕਾਂਗਰਸ ਨੂੰ ਪ੍ਰਦਰਸ਼ਨ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ।